ਜਲੰਧਰ (ਬਿਊਰੋ) — 'ਕਿਸਮਤ' ਫਿਲਮ ਨਾਲ ਡਾਇਰੈਕਸ਼ਨ 'ਚ ਕਦਮ ਰੱਖਣ ਵਾਲੇ ਜਗਦੀਪ ਸਿੱਧੂ, ਜੋ ਕਿ ਮਲਟੀ ਟੈਲੇਂਟਡ ਲੇਖਕ ਹੋਣ ਤੋਂ ਇਲਾਵਾ ਵਧੀਆ ਫਿਲਮ ਡਾਇਰੈਕਟਰ ਵੀ ਹਨ। ਉਨ੍ਹਾਂ ਦਾ ਇਕ ਹੋਰ ਟੈਲੇਂਟ ਸਾਹਮਣੇ ਆਇਆ ਹੈ। ਜੀ ਹਾਂ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਸਕੈਚ ਸਾਂਝੇ ਕੀਤੇ ਹਨ। ਉਨ੍ਹਾਂ ਨੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦੱਤ ਦੇ ਸਕੈਚ ਸ਼ੇਅਰ ਕੀਤੇ ਹਨ। ਉਨ੍ਹਾਂ ਨੇ ਆਪਣੀ ਕਲਮ ਦੇ ਰਾਹੀਂ ਸੰਜੇ ਦੱਤ ਵੱਲੋਂ ਨਿਭਾਏ ਖਲਨਾਇਕ ਤੋਂ ਲੈ ਕੇ ਮੁੰਨਾ ਭਾਈ ਤੱਕ ਦੇ ਸਾਰੇ ਹੀ ਕਿਰਦਾਰਾਂ ਨੂੰ ਆਪਣੀ ਪੈਨਸਿਲ ਦੇ ਰਾਹੀਂ ਕਾਗਜ਼ 'ਤੇ ਉਤਾਰਿਆ ਹੈ। ਜਗਦੀਪ ਸਿੱਧੂ ਨੇ ਸਕੈਚ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਪੈੱਨ ਹੀ ਨਹੀਂ ਪੈਨਸਿਲ ਚਲਾਉਣ ਦਾ ਵੀ ਸ਼ੌਕ ਰੱਖਦਾ ਮੁੰਡਾ...''।
ਦੱਸ ਦਈਏ ਕਿ ਨਾਲ ਹੀ ਉਨ੍ਹਾਂ ਨੇ ਸੰਜੇ ਦੱਤ ਨੂੰ ਟੈਗ ਵੀ ਕੀਤਾ ਹੈ। ਦਰਸ਼ਕਾਂ ਤੋਂ ਇਲਾਵਾ ਪੰਜਾਬੀ ਜਗਤ ਦੀਆਂ ਹਸਤੀਆਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਗਦੀਪ ਸਿੱਧੂ ਦੇ ਲਿਖੇ ਡਾਇਲਾਗਸ ਅਨੁਰਾਗ ਕਸ਼ਅਪ ਦੀ ਆਉਣ ਵਾਲੀ ਫਿਲਮ 'ਸਾਂਡ ਕੀ ਆਂਖ' 'ਚ ਸੁਣਨ ਨੂੰ ਮਿਲਣਗੇ। ਇਸ ਤੋਂ ਇਲਾਵਾ ਉਹ 'ਕਿਸਮਤ 2', 'ਲੌਂਗ ਲਾਚੀ 2' ਤੇ 'ਸੁਫਨਾ' ਵਰਗੀਆਂ ਫਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।