ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਤੇ ਗਾਇਕ ਗੁਰਨਾਮ ਭੁੱਲਰ ਦਾ ਰੋਮਾਂਟਿਕ ਗੀਤ 'ਪਾਗਲ' ਬੀਤੇ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੀਤ ਰਿਲੀਜ਼ ਹੋਣ ਤੋਂ ਕੁਝ ਦਿਨ ਪਹਿਲਾਂ ਇਸ ਪਿੱਛੇ ਦੀ ਕਹਾਣੀ ਤੇ ਅਹਿਮੀਅਤ ਗੁਰਨਾਮ ਭੁੱਲਰ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਹੁਣ ਗੁਰਨਾਮ ਭੁੱਲਰ ਦੇ ਆਈਡਲ ਜਗਦੀਪ ਸਿੱਧੂ ਨੇ ਇਸ ਗੀਤ ਬਾਰੇ ਆਪਣੇ ਵਿਚਾਰ ਦਿੱਤੇ ਹਨ ਅਤੇ ਦੱਸਿਆ ਹੈ ਕਿ ਗੀਤ ਨੂੰ ਆਪਣੀ ਫਿਲਮ 'ਚ ਰਿਲੀਜ਼ ਕਰਨਾ ਚਾਹੁੰਦੇ ਸਨ। ਜਗਦੀਪ ਸਿੱਧੂ ਦਾ ਕਹਿਣਾ ਹੈ, ''ਸੁਫਨਾ…ਇਹ ਗੀਤ ਪ੍ਰੇਰਣਾ ਹੈ ਮੇਰੀ...ਇਸ ਸਕ੍ਰਿਪਟ ਦੀ…ਬਹੁਤ ਦਿਲੀ ਤਮੰਨਾ ਸੀ ਵੀ ਇਹ ਗੀਤ 'ਸੁਫਨਾ' 'ਚ ਹੋਵੇ..ਇਸ ਗੀਤ ਨੇ ਸਾਡੀ ਯਾਰੀ (ਗੁਰਨਾਮ ਭੁੱਲਰ) ਨੂੰ ਹੋਰ ਪੱਕਾ ਕੀਤਾ…ਸਾਨੂੰ ਇਕ-ਦੂਜੇ ਅੱਗੇ ਹੋਰ ਵਧੀਆ ਪੇਸ਼ ਕੀਤਾ…ਪਰ ਮੇਰੀ ਸੁਫਨਾ ਤੋਂ ਪਹਿਲਾਂ ਇਹ ਗੀਤ ਸੁਫਨਾ ਸੀ.. ਬਾਈ ਜਸਵੀਰਪਾਲ ਦਾ ਪਰ ਸਿੰਘ ਜੀਤ ਬਾਈ ਕਰਕੇ ਸੁਫਨੇ 'ਚ ਐਮੀ ਵਿਰਕ ਦੇ ਕਰੈਕਟਰ ਦੇ ਨਾਲ ਜੀਤ ਆ। ਸੋ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕ। ਮੇਰੇ ਤਾਂ ਇਕ ਸਾਲ ਤੋਂ ਆਨ ਰਪੀਟ ਆ…ਬਾਬਾ ਸਭ ਦੇ ਸੁਫਨੇ ਪੂਰੇ ਕਰੇ''।
ਦੱਸ ਦਈਏ ਗੁਰਨਾਮ ਭੁੱਲਰ ਦੇ ਗੀਤ 'ਪਾਗਲ' ਦੀ ਵੀਡੀਓ ਬਲਜੀਤ ਸਿੰਘ ਦਿਓ ਵੱਲੋਂ ਬਣਾਈ ਗਈ ਹੈ। ਇਸ ਗੀਤ ਦੇ ਬੋਲ ਸਿੰਘ ਜੀਤ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਕਿ ਹਾਲ ਹੀ 'ਚ ਗੁਰਨਾਮ ਭੁੱਲਰ ਦੀ ਫਿਲਮ 'ਸੁਰਖੀ ਬਿੰਦੀ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਸਰਗੁਣ ਮਹਿਤਾ ਮੁੱਖ ਭੂਮਿਕਾ 'ਚ ਹਨ।