ਜਲੰਧਰ(ਬਿਊਰੋ)- ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਪੰਜਾਬੀ ਮਾਂ ਬੋਲੀ ਦੀ ਸਿਫਤ ਕਰਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਜਸਬੀਰ ਜੱਸੀ ਕਿਸੇ ਸ਼ਾਇਰ ਦੀਆਂ ਪੰਜਾਬੀ ਭਾਸ਼ਾ ਦੀ ਤਾਰੀਫ਼ ‘ਚ ਕਹੀਆਂ ਗਈਆਂ ਕੁਝ ਲਾਈਨਾਂ ਬੋਲ ਕੇ ਸੁਣਾ ਰਹੇ ਹਨ। ਉਹ ਬਾਬਾ ਨਜ਼ਮੀ ਦੀਆਂ ਲਿਖੀਆਂ ਕੁਝ ਲਾਈਨਾਂ ਨੂੰ ਬੋਲ ਕੇ ਦੱਸਦੇ ਹਨ, “ਅੱਖਰਾਂ ’ਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਝੱਖੜਾਂ ’ਚ ਵੀ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ। ਜਿਹੜੇ ਕਹਿੰਦੇ ’ਚ ਪੰਜਾਬੀ ‘ਚ ਵੁਹਸਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਦੇਖਣ ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ” ਪੰਜਾਬੀ ਮਾਂ ਬੋਲੀ ਸਾਡੇ ਦੇਸ਼ ਦੀ ਲਾਡਲੀ ਭਾਸ਼ਾ ਹੈ, ਜਿਵੇਂ ਪੰਜਾਬ ਲਾਡਲਾ ਪ੍ਰਦੇਸ਼ ਹੈ, ਉਸੇ ਤਰ੍ਹਾਂ ਪੰਜਾਬੀ ਵੀ ਲਾਡਲੀ ਭਾਸ਼ਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਈ ਦੇਸ਼ਾਂ ‘ਚ ਜਾਣ ਦਾ ਮੌਕਾ ਮਿਲਿਆ ਹੈ । ਜਿੱਥੇ ਪੰਜਾਬੀ ਨਹੀਂ ਹੁੰਦੇ ਤਾਂ ਉਹ ਵੀ ਉਨ੍ਹਾਂ ਨਾਲ ਪੰਜਾਬੀ ਦੇ ਕੁਝ ਲਫਜ਼ ਬੋਲਣ ਦੀ ਕੋਸ਼ਿਸ਼ ਕਰਦੇ ਹਨ। ਦੱਸ ਦਈਏ ਕਿ ਜਸਬੀਰ ਜੱਸੀ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ।