FacebookTwitterg+Mail

ਅੱਜ ਦੇ ਗਾਇਕ ਗਾਇਕੀ ਘੱਟ ਤੇ ਦਿਖਾਵਾ ਜ਼ਿਆਦਾ ਕਰਦੇ ਹਨ : ਜਸਬੀਰ ਜੱਸੀ

jasbir jassi interview with jagbani
02 June, 2020 07:40:46 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਜਸਬੀਰ ਜੱਸੀ ਨਾਲ ਹਾਲ ਹੀ 'ਚ 'ਜਗ ਬਾਣੀ' 'ਤੇ ਖਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਜਸਬੀਰ ਜੱਸੀ ਨੇ ਜਿਥੇ ਆਪਣੇ ਲੌਕਡਾਊਨ ਦੇ ਤਜਰਬੇ ਨੂੰ ਸਾਂਝਾ ਕੀਤਾ, ਉਥੇ ਪੰਜਾਬੀ ਸੰਗੀਤ ਜਗਤ 'ਤੇ ਵੀ ਖੂਬ ਚਰਚਾ ਹੋਈ। ਜਸਬੀਰ ਜੱਸੀ ਨੇ ਕਿਹਾ ਕਿ ਅੱਜ ਦੇ ਗਾਇਕ ਗਾਇਕੀ ਘੱਟ ਤੇ ਦਿਖਾਵਾ ਜ਼ਿਆਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਗਾਇਕਾਂ 'ਚ ਡਰ ਨਹੀਂ ਰਿਹਾ। ਅੱਜ ਦੇ ਚੱਲ ਰਹੇ ਕੰਟੈਂਟ ਬਾਰੇ ਜਦੋਂ ਜਸਬੀਰ ਜੱਸੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗਾਉਣ ਨੂੰ ਉਹ ਵੀ ਭੜਕਾਊ ਗੀਤ ਗਾ ਸਕਦੇ ਹਨ ਪਰ ਇਸ ਨਾਲ ਉਹ ਆਪਣੇ ਵੱਡਿਆਂ ਦੀਆਂ ਅੱਖਾਂ 'ਚ ਅੱਖਾਂ ਨਹੀਂ ਪਾ ਸਕਣਗੇ। ਜਸਬੀਰ ਜੱਸੀ ਨੇ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਗੀਤਾਂ 'ਤੇ ਧਿਆਨ ਦੇਣ ਤੇ ਨਕੇਲ ਕੱਸਣ ਦੀ ਲੋੜ ਹੈ। ਅੱਜ ਦੇ ਗਾਇਕਾਂ ਨੂੰ ਇਸ ਦੇ ਨਾਲ-ਨਾਲ ਕਿਤਾਬਾਂ ਪੜ੍ਹਨ ਦੀ ਲੋੜ ਹੈ ਤਾਂ ਜੋ ਉਹ ਇਤਿਹਾਸ 'ਤੇ ਵੀ ਝਾਤ ਮਾਰ ਸਕਣ।

ਲੌਕਡਾਊਨ ਦੀ ਗੱਲ ਕਰਦਿਆਂ ਜਸਬੀਰ ਜੱਸੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੌਰਾਨ ਕੁਦਰਤ ਨਾਲ ਗੱਲਾਂ ਕੀਤੀਆਂ। ਜਸਬੀਰ ਨੇ ਇਕ ਕਵਿਤਾ ਵੀ ਇਸ ਦੌਰਾਨ ਲਿਖੀ, ਜੋ ਆਉਣ ਵਾਲੇ ਕੁਝ ਦਿਨਾਂ ਅੰਦਰ ਆਪਣੇ ਚਾਹੁਣ ਵਾਲਿਆਂ ਦੇ ਰੂ-ਬ-ਰੂ ਕਰਨਗੇ। ਜਸਬੀਰ ਜੱਸੀ ਨੇ ਜਿਥੇ ਲੋਕਾਂ ਨੂੰ ਸੰਤੁਲਨ ਬਣਾਉਣ ਦੀ ਗੱਲ ਆਖੀ, ਉਥੇ ਉਨ੍ਹਾਂ ਇਹ ਵੀ ਕਿਹਾ ਕਿ ਕੁਦਰਤ ਨੂੰ ਵੀ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਇਕਦਮ ਉਹ ਇਨਸਾਨ ਨੂੰ ਇੰਨਾ ਪਿੱਛੇ ਨਹੀਂ ਸੁੱਟ ਸਕਦੀ।

ਜਸਬੀਰ ਜੱਸੀ ਨੇ ਆਪਣੀ ਇਕ ਯਾਦ ਸਾਂਝੀ ਕਰਦਿਆਂ ਕਿਹਾ ਕਿ ਇਨਸਾਨ ਦੇ ਅੰਦਰ ਇਕ ਪਾਜ਼ੇਟਿਵ ਡਰ ਹੋਣਾ ਜ਼ਰੂਰੀ ਹੈ। ਅਜਿਹਾ ਇਸ ਲਈ ਕਿਉਂਕਿ ਪਾਜ਼ੇਟਿਵ ਡਰ ਹੋਣ ਨਾਲ ਉਹ ਹਰ ਕੰਮ ਸਹੀ ਕਰਨ ਦੀ ਕੋਸ਼ਿਸ਼ ਕਰੇਗਾ ਤੇ ਇਸ ਨਾਲ ਨਤੀਜੇ ਵੀ ਵਧੀਆ ਮਿਲਣਗੇ। ਫਿਲਮਾਂ 'ਚ ਕੰਮ ਕਰਨ ਦੇ ਸਵਾਲ 'ਤੇ ਜਸਬੀਰ ਜੱਸੀ ਨੇ ਕਿਹਾ ਕਿ ਉਹ ਲਿਟਰੇਚਰ ਨਾਲ ਜੁੜੀਆਂ ਨਾਨ-ਕਮਰਸ਼ੀਅਲ ਫਿਲਮਾਂ ਜਿਵੇਂ ਹੀਰ-ਰਾਂਝਾ ਤੇ ਬਾਬਾ ਬੁੱਲ੍ਹੇ ਸ਼ਾਹ 'ਚ ਕੰਮ ਕਰਨਾ ਚਾਹੁੰਦੇ ਹਨ।


Tags: Jasbir JassiInterviewPunjabi SingerPunjabi Music

About The Author

Rahul Singh

Rahul Singh is content editor at Punjab Kesari