ਲੰਡਨ(ਬਿਊਰੋ)— ਬ੍ਰਿਟੇਨ ਵਿਚ ਰਹਿਣ ਵਾਲਾ ਕਾਰੋਬਾਰੀ ਜਸਬੀਰ ਵੋਹਰਾ ਸੰਗੀਤ ਨਾਲ ਬਹੁਤ ਪਿਆਰ ਕਰਦਾ ਹੈ। ਉਹ ਮੂਲ ਰੂਪ ਨਾਲ ਭਾਰਤ ਦਾ ਰਹਿਣ ਵਾਲਾ ਹੈ ਅਤੇ ਸਾਲ 1968 ਵਿਚ ਵਿਦੇਸ਼ ਚਲਾ ਗਿਆ। ਦੇਸ਼ ਭਾਵੇਂ ਛੁੱਟ ਗਿਆ ਪਰ ਉਹ ਇਥੋਂ ਦੀਆਂ ਯਾਦਾਂ ਅਤੇ ਗਾਣੇ ਨਹੀਂ ਭੁੱਲਿਆ। ਗਾਣਿਆਂ ਨਾਲ ਇੰਨਾ ਲਗਾਅ ਹੈ ਕਿ ਭਜਨ ਤੋਂ ਲੈ ਕੇ ਬਾਲੀਵੁੱਡ ਦੇ ਹਿੱਟ ਗਾਣੇ ਉਸ ਨੇ ਰਟੇ ਹੋਏ ਹਨ। ਅਜਿਹੇ ਵਿਚ ਉਹ ਬਾਲੀਵੁੱਡ ਸਿੰਗਰ ਬਣਨ ਦਾ ਸੁਪਨਾ ਦੇਖਦਾ ਹੈ। 66 ਸਾਲ ਦੇ ਵੋਹਰਾ ਨੇ ਕਿਹਾ ਕਿ ਮੈਂ ਅਕਾਰਡੀਅਨ ਅਤੇ ਹਾਰਮੋਨੀਅਮ ਵਰਗੇ ਮਿਊਜ਼ੀਕਲ ਇੰਸਟਰੂਮੈਂਟ ਵੀ ਵਜਾਉਂਦਾ ਹੈ ਅਤੇ ਕਈ ਤਰ੍ਹਾਂ ਦੇ ਰਾਗ ਵੀ ਗਾ ਲੈਂਦਾ ਹੈ। ਵੋਹਰਾ ਅਤੇ ਉਸਦੇ ਚਾਰ ਭਰਾ ਸਾਲ 1968 ਵਿਚ ਬ੍ਰਿਟੇਨ ਚਲੇ ਗਏ ਸਨ, ਜਿਥੇ ਉਨ੍ਹਾਂ ਨੇ ਈਸਟ ਐਂਡ ਫੂਡਸ ਨਾਂ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ।
ਵੋਹਰਾ ਆਪਣੇ ਭਰਾਵਾਂ ਨਾਲ ਇਕ ਛੋਟੀ ਜਿਹੀ ਕੰਪਨੀ ਰਾਹੀਂ ਉਥੇ ਰਹਿਣ ਵਾਲੇ ਭਾਰਤੀਆਂ ਨੂੰ ਦਾਲ ਅਤੇ ਚਾਵਲ ਵੇਚਦੇ ਸਨ। ਅੱਜ ਉਨ੍ਹਾਂ ਦੀ ਇਹ ਕੰਪਨੀ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿਚ ਸ਼ਾਮਲ ਹੈ। ਕੰਪਨੀ ਵਿਚ ਲਗਭਗ 400 ਲੋਕ ਕੰਮ ਕਰਦੇ ਹਨ। ਕਾਰੋਬਾਰ ਜ਼ੋਰਾਂ 'ਤੇ ਹੋਣ ਦੇ ਬਾਵਜੂਦ ਉਹ ਆਪਣੇ-ਆਪ ਨੂੰ ਸੰਗੀਤ ਤੋਂ ਦੂਰ ਨਹੀਂ ਰੱਖ ਸਕੇ। ਅੱਜ ਵੀ ਗਾਣਿਆਂ ਪ੍ਰਤੀ ਉਨ੍ਹਾਂ ਦਾ ਜਨੂੰਨ ਦੇਖਣ ਨੂੰ ਮਿਲਦਾ ਹੈ। ਉਹ ਭਜਨ ਤੋਂ ਲੈ ਕੇ ਬਾਲੀਵੁੱਡ ਹਿਟਸ ਤੱਕ ਗਾਉਂਦੇ ਹਨ। ਮੁੰਬਈ ਵਿਚ ਵੀ ਉਨ੍ਹਾਂ ਨੇ ਆਪਣੀ ਟੀਮ ਬਣਾਈ ਹੋਈ ਹੈ, ਜੋ ਉਨ੍ਹਾਂ ਦੇ ਗਾਣਿਆਂ ਦੀ ਰਿਕਾਰਡਿੰਗ ਅਤੇ ਐਲਬਮ ਬਣਾਉਣ ਦਾ ਕੰਮ ਸੰਭਾਲਦੀ ਹੈ।