ਮੁੰਬਈ(ਬਿਊਰੋ)— ਅਜਿਹੇ ਬਹੁਤ ਸਾਰੇ ਸਿਤਾਰੇ ਹਨ, ਜੋ ਹਾਲੀਵੁੱਡ ਦੀਆਂ ਫਿਲਮਾਂ 'ਚ ਕੰਮ ਕਰ ਰਹੇ ਹਨ। ਇਨ੍ਹਾਂ ਸਿਤਾਰਿਆਂ ਨੇ ਪਹਿਲਾਂ ਬਾਲੀਵੁੱਡ 'ਚ ਨਾਂ ਕਮਾਇਆ ਤੇ ਫਿਰ ਹਾਲੀਵੁੱਡ ਨੇ ਉਨ੍ਹਾਂ ਦੀ ਕਲਾ ਨੂੰ ਪਛਾਣ ਕੇ ਆਪਣੀਆਂ ਫਿਲਮਾਂ 'ਚ ਕਿਰਦਾਰ ਦਿੱਤੇ। ਮੋਗੇ ਜ਼ਿਲੇ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਦਾ ਮੁੰਡਾ ਜਸਮੀਤ ਬੱਡੂਵਾਲੀਆ, ਜਿਸ ਦੀ 19 ਸਾਲ ਦੀ ਉਮਰ 'ਚ ਹੀ ਪਹਿਲੀ ਹਾਲੀਵੁੱਡ ਫਿਲਮ 'ਵਰਵੁਲਫ ਵਰਲਡ' ਜਲਦ ਰਿਲੀਜ ਹੋਣ ਜਾ ਰਹੀ ਹੈ।

ਬਿਲਕੁਲ ਸਾਧਾਰਨ ਪਰਿਵਾਰ 'ਚ ਜਨਮੇ ਜਸਮੀਤ ਨੂੰ 14 ਸਾਲ ਦੀ ਉਮਰ 'ਚ ਹੀ ਹਾਲੀਵੁੱਡ ਫਿਲਮਾਂ ਦੀ ਕਾਸਟਿੰਗ ਟੀਮ ਨੇ ਚੁਣ ਲਿਆ ਤੇ ਉਸ ਦੀ ਪ੍ਰਤਿਭਾ ਨੂੰ ਦੇਖਦਿਆਂ ਐਕਟਿੰਗ ਦੀ ਟਰੇਨਿੰਗ ਸ਼ੁਰੂ ਕਰ ਦਿੱਤੀ। ਬਬਲੀ ਕੌਰ ਤੇ ਬਿੰਦਰ ਸਿੰਘ ਬੱਡੂਵਾਲੀਆ ਦੇ ਤਿੰਨ ਪੁੱਤਰਾਂ 'ਚੋਂ ਸਭ ਤੋਂ ਛੋਟਾ ਜਸਮੀਤ ਹੈ, ਜਿਸ ਨੂੰ ਬਚਪਨ ਤੋਂ ਹੀ ਫਿਲਮਾਂ ਤੇ ਟੀ. ਵੀ. ਸੀਰੀਅਲਾਂ ਨਾਲ ਜੁੜਿਆ ਹੋਣ ਕਰਕੇ ਉਸ ਦੇ ਪਿਤਾ ਨੇ ਉਸ ਨੂੰ ਐਕਟਿੰਗ ਦੀ ਰਾਹ 'ਤੇ ਤੋਰਿਆ।

ਜਸਮੀਤ ਨੂੰ ਹਾਲੀਵੁੱਡ 'ਚ ਜਿਥੇ ਇਕ ਪਾਸੇ ਅਦਾਕਾਰੀ ਦੀ ਟਰੇਨਿੰਗ ਮਿਲ ਰਹੀ ਸੀ, ਦੂਜੇ ਪਾਸੇ ਉਸ ਲਈ ਇਕ ਮਾਰਕੀਟਿੰਗ ਏਜੰਸੀ ਵੀ ਕੰਮ ਕਰ ਰਹੀ ਸੀ। ਸਾਲ 2015 'ਚ ਜਿਥੇ ਉਸ ਨੂੰ ਇਕ ਟੀ. ਵੀ. ਸ਼ੋਅ 'ਡੇਅਜ਼ ਆਫ ਆਵਰ ਲਾਈਵਜ਼' ਕਰਨ ਦਾ ਮੌਕਾ ਮਿਲਿਆ, ਉਥੇ ਹੀ ਉਸ ਨੂੰ ਕਈ ਕਮਰਸ਼ੀਅਲ ਵਿਗਿਆਪਨਾਂ ਲਈ ਵੀ ਸਾਈਨ ਕੀਤਾ ਗਿਆ।

ਹਾਲੀਵੁੱਡ ਪ੍ਰਸਿੱਧ ਡਾਇਰੈਕਟਰ ਤੇ ਲੇਖਕ ਪੌਲ ਟੋਂਬੋਰੇਲ ਨੇ ਉਸ ਨੂੰ ਆਪਣੀ ਫਿਲਮ 'ਵਰਵੁਲਫ ਵਰਲਡ' ਲਈ ਸਾਈਨ ਕਰ ਲਿਆ। ਨਿਰਮਾਤਾ ਸੀਅਨ ਸੀ. ਸਟੀਫਨ ਦੀ ਇਸ ਫਿਲਮ 'ਚ ਉਸ ਨਾਲ ਅਲੈਕਸਾ ਕੋਪਿਟਨਿਕ ਨਾਂ ਦੀ ਮੁਟਿਆਰ ਅਦਾਕਾਰਾ ਦੀ ਭੂਮਿਕਾ 'ਚ ਹੈ। 'ਵਰਵੁਲਡ ਵਰਲਡ' ਫਿਲਮ ਉਨ੍ਹਾਂ ਫਿਲਮਾਂ ਦੀ ਲੜੀ ਸ਼ਾਮਲ ਹੈ, ਜੋ ਇਕ ਦਹਿਸ਼ਤ ਪੈਦਾ ਕਰਨ ਵਾਲੇ ਜੀਵ ਮਨੁੱਖਤਾ 'ਚ ਸਹਿਮ ਪੈਦਾ ਕਰਨ ਲਈ ਛੱਡਦੇ ਹਨ ਤੇ ਬਾਕੀ ਦੇ ਕਲਾਕਾਰ ਆਪਣੇ-ਆਪ ਨੂੰ ਬਚਾਉਣ ਉਨ੍ਹਾਂ ਦਾ ਮੁਕਾਬਲਾ ਕਰਦੇ ਹਨ।

ਜਸਮੀਤ ਨੇ ਦੱਸਿਆ ਕਿ ਫਿਲਮ 'ਚ ਗਿਣਤੀ ਦੇ ਕਲਾਕਾਰ ਹੀ ਹਨ, ਜਿਨ੍ਹਾਂ 'ਚ ਕੁਝ ਹਾਂ-ਪੱਖੀ ਹਨ ਤੇ ਕੁਝ ਨਾਂਹ-ਪੱਖੀ। ਇਸ ਤੋਂ ਇਲਾਵਾ ਜਸਮੀਤ ਨੇ ਦੱਸਿਆ ਕਿ ਉਸ ਨੂੰ ਇਸ ਫਿਲਮ ਤੋਂ ਇਲਾਵਾ, ਅਮਰੀਕਾ 'ਚ ਜਲਦ ਸ਼ੁਰੂ ਹੋ ਰਹੇ ਰਿਐਲਿਟੀ ਸ਼ੋਅ 'ਏ ਰੇਸ ਟੂ ਦਿ ਟੌਮ' ਲਈ ਵੀ ਲੀਡ ਭੂਮਿਕਾ 'ਚ ਨਜ਼ਰ ਆਉਣਗੇ ਤੇ ਜਲਦ ਹੀ ਇਸ ਸ਼ੋਅ ਨੂੰ ਟੇਲੀਕਾਸਟ ਕੀਤਾ ਜਾਵੇਗਾ।
