ਮੁੰਬਈ(ਬਿਊਰੋ)— 'ਲੈਂਸਰ' ਤੇ 'ਬਾਪੂ ਜਿਮੀਂਦਾਰ' ਵਰਗੇ ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਖੰਨਾ ਸ਼ਹਿਰ ਦੇ ਨਾਮੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦਾ ਅੱਜ ਆਪਣਾ 30 ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 26 ਨਵੰਬਰ 1988 ਨੂੰ ਪਿੰਡ ਜੰਡਾਲੀ, ਖੰਨਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਗੁਰਮਿੰਦਰ ਸਿੰਘ ਅਤੇ ਮਾਤਾ ਰਵਿੰਦਰ ਕੌਰ ਦੇ ਘਰ ਜੱਟ ਸਿੱਖ ਕਿਸਾਨ ਪਰਿਵਾਰ 'ਚ ਹੋਇਆ। ਉਨ੍ਹਾਂ ਦਾ ਅਸਲੀ ਨਾਂ ਜਸਦੀਪ ਸਿੰਘ ਗਿੱਲ ਹੈ। ਗਾਇਕ ਵਜੋਂ ਆਪਣਾ ਸਫਰ ਸ਼ੁਰੂ ਕਰਨ ਵਾਲੇ ਜਸਦੀਪ ਸਿੰਘ ਗਿੱਲ ਉਰਫ ਜੱਸੀ ਗਿੱਲ ਨੇ ਇਸ ਖੇਤਰ 'ਚ ਨਾਮਣਾ ਖੱਟਣ ਤੋਂ ਬਾਅਦ ਪੰਜਾਬੀ ਫਿਲਮਾਂ ਵੱਲ ਰੁਖ ਕੀਤਾ। ਉਨ੍ਹਾਂ ਨੇ 'ਮਿਸਟਰ ਐਂਡ ਮਿਸਿਜ਼ 420', 'ਮੁੰਡਿਆਂ ਤੋਂ ਬਚ ਕੇ ਰਹੀਂ' ਅਤੇ 'ਯਾਰਾ ਐਵੀਂ ਐਵੀਂ ਲੁੱਟ ਗਿਆ' 'ਚੰਨੋ ਕਮਲੀ ਯਾਰ ਦੀ', 'ਹੈਪੀ ਫਿਰ ਭਾਗ ਜਾਏਗੀ','ਮਿਸਟਰ ਐਂਡ ਮਿਸਿਜ਼ ਰਿਟਰਨਸ' ਆਦਿ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਗਾਇਕ ਜੱਸੀ ਗਿੱਲ ਦੇ ਕੁਝ ਸਮੇਂ ਪਹਿਲਾਂ ਆਏ 'ਨਿਕਲੇ ਕਰੰਟ' ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜੱਸੀ ਗਿੱਲ ਨੇ ਪੰਜਾਬੀ ਸਿਨੇਮਾ 'ਚ ਮਸ਼ਹੂਰ ਗਾਇਕ ਅਤੇ ਅਦਾਕਾਰ ਵਜੋਂ ਖਾਸ ਪਛਾਣ ਬਣਾਈ ਹੈ। ਜੱਸੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਐਲਬਮ 'ਬੈਚਮੇਟ' ਨਾਲ ਕੀਤੀ ਸੀ, ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਅਤੇ ਸ਼ਲਾਘਾ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਵੱਲ ਨਹੀਂ ਵੇਖਿਆ ਅਤੇ ਇਕ ਤੋਂ ਇਕ ਸੁਪਰਹਿੱਟ ਗੀਤਾਂ ਦੀ ਝੜੀ ਲਾ ਦਿੱਤੀ।