ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਜੱਸੀ ਗਿੱਲ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 26 ਨਵੰਬਰ 1988 ਨੂੰ ਖੰਨਾ 'ਚ ਹੋਇਆ। ਆਪਣੇ ਜਨਮਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਚਾਹੁਣ ਵਾਲਿਆਂ ਦਾ ਬਰਥਡੇ ਦੀਆਂ ਵਧਾਈਆਂ ਦੇਣ 'ਤੇ ਸ਼ੁਕਰੀਆ ਅਦਾ ਕੀਤਾ ਹੈ।
ਜਸਦੀਪ ਸਿੰਘ ਗਿੱਲ ਤੋਂ ਬਣੇ ਜੱਸੀ ਗਿੱਲ
ਜੱਸੀ ਗਿੱਲ ਦਾ ਅਸਲ ਨਾਂ ਜਸਦੀਪ ਸਿੰਘ ਗਿੱਲ ਹੈ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ ਹਨ ਅਤੇ ਪਾਲੀਵੁੱਡ ਦੇ ਨਾਲ-ਨਾਲ ਉਹ ਬਾਲੀਵੁੱਡ 'ਚ ਵੀ ਕਈ ਫਿਲਮਾਂ ਅਤੇ ਪ੍ਰੋਜੈਕਟਸ 'ਤੇ ਕੰਮ ਕਰ ਰਹੇ ਹਨ।
ਮੋਟਾਪੇ ਕਾਰਨ ਸੋਚ ਕੇ ਕਰਦੇ ਸਨ ਇਹ ਕੰਮ
ਕੋਈ ਸਮਾਂ ਸੀ ਜਦੋਂ ਜੱਸੀ ਗਿੱਲ ਕਾਫੀ ਮੋਟੇ ਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਖਾਸ ਕਰਕੇ ਜੱਸੀ ਗਿੱਲ ਨੂੰ ਕੱਪੜੇ ਲੈਣ ਲੱਗਿਆਂ ਕਾਫੀ ਸੋਚਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੇ ਖੁਦ ਨੂੰ ਫਿੱਟ ਕਰ ਲਿਆ ਹੈ।
ਪੜ੍ਹਾਈ ਤੋਂ ਬਚਣ ਲਈ ਕਰਦੇ ਸਨ ਇਹ ਕੰਮ
ਇਕ ਇੰਟਰਵਿਊ ਦੌਰਾਨ ਜੱਸ ਗਿੱਲ ਨੇ ਦੱਸਿਆ ਸੀ ਕਿ ਪੜ੍ਹਾਈ ਤੋਂ ਬਚਣ ਲਈ ਮਿਊਜ਼ਿਕ ਦਾ ਪ੍ਰੈਕਟੀਕਲ ਵਿਸ਼ਾ ਰੱਖਿਆ ਸੀ ਪਰ ਇਹ ਵਿਸ਼ਾ ਉਨ੍ਹਾਂ ਦੇ ਕਰੀਅਰ ਲਈ ਇਕ ਨਵਾਂ ਰਾਹ ਖੋਲ੍ਹ ਦੇਵੇਗਾ ਇਸ ਦਾ ਅੰਦਾਜ਼ਾ ਸ਼ਾਇਦ ਉਨ੍ਹਾਂ ਨੂੰ ਨਹੀਂ ਸੀ। ਕਾਲਜ ਦੀ ਪੜ੍ਹਾਈ ਦੌਰਾਨ ਹੀ ਜੱਸੀ ਗਿੱਲ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਸਰਾਹਿਆ ਗਿਆ ਅਤੇ ਫਿਰ ਉਨ੍ਹਾਂ ਨੇ ਗਾਇਕ ਬਣਨ ਦਾ ਫੈਸਲਾ ਲਿਆ।
ਨੈਸ਼ਨਲ ਖਿਡਾਰੀ ਵੀ ਰਹਿ ਚੁੱਕੇ ਨੇ
ਜੱਸੀ ਗਿੱਲ ਵਾਲੀਬਾਲ ਦੇ ਨੈਸ਼ਨਲ ਖਿਡਾਰੀ ਵੀ ਰਹੇ ਹਨ। ਇਸ ਤੋਂ ਇਲਾਵਾ ਆਪਣੇ ਵਿਹਲੇ ਸਮੇਂ 'ਚ ਉਹ ਕ੍ਰਿਕੇਟ ਖੇਡਣਾ ਵੀ ਪਸੰਦ ਕਰਦੇ ਹਨ। ਵਿਰਾਟ ਕੋਹਲੀ ਉਨ੍ਹਾਂ ਦੇ ਪਸੰਦੀਦਾ ਕ੍ਰਿਕੇਟਰ ਹਨ ਅਤੇ ਬੱਬਲ ਰਾਏ ਨੂੰ ਉਹ ਆਪਣੇ ਭਰਾਵਾਂ ਵਾਂਗ ਸਮਝਦੇ ਹਨ। ਜੱਸੀ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੱਜ ਤੱਕ ਕਦੇ ਵੀ ਕੋਈ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਾ ਗੀਤ ਨਹੀਂ ਗਾਇਆ ਅਤੇ ਨਾਂ ਹੀ ਕਦੇ ਉਹ ਗਾਉਣਗੇ।
ਮਾਤਾ-ਪਿਤਾ ਨੇ ਗਾਇਕੀ 'ਚ ਦਿੱਤਾ ਸਾਥ
ਪਰਿਵਾਰ 'ਚ ਮਾਪਿਆਂ ਨੇ ਜੱਸੀ ਗਿੱਲ ਦੀ ਗਾਇਕੀ ਨੂੰ ਹਮੇਸ਼ਾ ਹੀ ਸਹਿਯੋਗ ਦਿੱਤਾ ਪਰ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਦੋਂ ਵੀ ਕੋਈ ਚੀਜ਼ ਲੈਣੀ ਹੁੰਦੀ ਸੀ ਤਾਂ ਮੈਂ ਆਪਣੀ ਮੰਮੀ ਨੂੰ ਕਹਿੰਦਾ ਹੁੰਦਾ ਸੀ ਅਤੇ ਮੇਰੇ ਮੰਮੀ ਦੁੱਧ ਡੇਅਰੀ 'ਚ ਪਾਉਂਦੇ ਹੁੰਦੇ ਸਨ ਅਤੇ ਜੋ ਪੈਸੇ ਉਨ੍ਹਾਂ ਨੇ ਦੁੱਧ ਡੇਅਰੀ 'ਚ ਵੇਚ ਕੇ ਜੋੜੇ ਸੀ। ਉਨ੍ਹਾਂ ਪੈਸਿਆਂ ਨਾਲ ਹੀ ਉਹ ਅੱਜ ਇਸ ਮੁਕਾਮ 'ਤੇ ਹਨ।