ਜਲੰਧਰ (ਵੈੱਬ ਡੈਸਕ) : 'ਚੱਕ ਦੇ ਫੱਟੇ', 'ਕੈਰੀ ਆਨ ਜੱਟਾ', 'ਡੈਡੀ ਕੂਲ ਮੁੰਡੇ ਫੂਲ' ਵਰਗੀਆਂ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਮਕਬੂਲ ਹੋਏ ਜਸਵਿੰਦਰ ਭੱਲਾ ਅੱਜ ਆਪਣਾ 58ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 4 ਮਈ 1960 ਨੂੰ ਦੋਰਾਹਾ, ਪੰਜਾਬ 'ਚ ਹੋਇਆ। ਦੱਸ ਦਈਏ ਕਿ ਜਸਵਿੰਦਰ ਸਿੰਘ ਭੱਲਾ ਨੂੰ ਪੰਜਾਬੀ ਫਿਲਮ ਇੰਡਸਟਰੀ 'ਚ ਹਾਸਰਸ ਕਲਾਕਾਰ ਵਜੋਂ ਵੀ ਜਾਣਿਆ ਜਾਂਦਾ ਹੈ।
ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ, ਵਿਭਾਗ ਦੇ ਮੁਖੀ ਵੀ ਹਨ। ਉਨ੍ਹਾਂ ਨੇ ਮੁੱਖ ਤੌਰ 'ਤੇ ਆਪਣੇ ਪ੍ਰੋਗਰਾਮ 'ਛਣਕਾਟਾ' ਅਤੇ ਕਿਰਦਾਰ 'ਚਾਚਾ ਚਤਰਾ' ਕਰਕੇ ਵੀ ਜਾਣਿਆ ਜਾਂਦਾ ਹੈ। ਜਸਵਿੰਦਰ ਭੱਲਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਦੁੱਲਾ ਭੱਟੀ' ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ।
ਖੇਤੀਬਾੜੀ ਵਿਭਾਗ, ਪੰਜਾਬ 'ਚ ਏ. ਆਈ/ਏ. ਡੀ.ੳਓ. ਵਜੋਂ ਨਿਭਾਈ ਸੇਵਾ
ਜਸਵਿੰਦਰ ਭੱਲਾ ਨੇ ਬੀ. ਐਸ. ਸੀ. ਖੇਤੀਬਾੜੀ (ਆਨਰਜ਼) ਅਤੇ ਐਮ. ਐਸ. ਸੀ (ਐਕਸਟੈਂਸ਼ਨ ਐਜੂਕੇਸ਼ਨ) ਦੀ ਡਿਗਰੀ 1982 ਅਤੇ 1985 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਪੀ. ਏ. ਯੂ. 'ਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਪੰਜਾਬ 'ਚ ਏ. ਆਈ/ਏ. ਡੀ.ੳਓ. ਵਜੋਂ ਸੇਵਾ ਨਿਭਾਈ ਸੀ।
ਜਸਵਿੰਦਰ ਭੱਲਾ ਸਾਲ 1989 'ਚ ਪੀ. ਏ. ਯੂ. ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ 'ਚ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਸ਼ਾਮਲ ਹੋਏ ਸਨ ਤੇ ਆਪਣੀ ਪੀ. ਐਚ. ਡੀ. (ਐਗਰੀ. ਐਕਸਟੈਂਸ਼ਨ) ਸਾਲ 2000 ਦੇ ਦੌਰਾਨ ਸੀ. ਸੀ. ਐਸ. ਯੂ, ਮੇਰਠ ਤੋਂ ਇਕ ਸੇਵਾ-ਦੋਰਾਨ ਵਿਦਿਆਰਥੀ ਦੇ ਤੌਰ 'ਤੇ ਪੂਰੀ ਕੀਤੀ।
ਕਾਮੇਡੀ ਕਰੀਅਰ
ਜਸਵਿੰਦਰ ਭੱਲਾ ਨੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਪ੍ਰਦਰਸ਼ਨਾਂ 'ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਜਸਵਿੰਦਰ ਭੱਲਾ ਅਤੇ ਦੋ ਸਹਿਪਾਠੀਆਂ ਨੂੰ 1975 'ਚ ਆਲ ਇੰਡੀਆ ਰੇਡੀਓ ਲਈ ਚੁਣਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਰੂਪ 'ਚ ਜਸਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ 'ਚ ਕਾਮੇਡੀ ਪ੍ਰਦਰਸ਼ਨ ਕੀਤਾ ਸੀ।
ਉਨ੍ਹਾਂ ਨੇ ਸਾਲ 1988 'ਚ ਆਪਣੇ ਪੇਸ਼ੇਵਰ ਕਰੀਅਰ ਨੂੰ ਸਹਿਕਾਰਤਾ ਬਾਲ ਮੁਕੰਦ ਸ਼ਰਮਾ ਦੇ ਨਾਲ ਆਡੀਓ ਕੈਸੇਟ 'ਛਣਕਾਟਾ' 1988 ਨਾਲ ਅਰੰਭ ਕੀਤਾ। ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਸਹਿਪਾਠੀ ਸਨ।
ਫਿਲਮ ਕਰੀਅਰ
ਜਸਵਿੰਦਰ ਭੱਲਾ ਨੇ ਪੰਜਾਬੀ ਫਿਲਮਾਂ ਜਿਵੇਂ 'ਮਹੌਲ ਠੀਕ ਹੈ', 'ਜੀਜਾ ਜੀ', 'ਜਿਹਨੇ ਮੇਰਾ ਦਿਲ ਲੁੱਟਿਆ', 'ਪਾਵਰ ਕੱਟ', 'ਕਬੱਡੀ ਇਕ ਵਾਰ ਫਿਰ', 'ਆਪਾਂ ਫਿਰ ਮਿਲਾਂਗੇ', 'ਮੇਲ ਕਰਾ ਦੇ ਰੱਬਾ', 'ਕੈਰੀ ਆਨ ਜੱਟਾ', 'ਜੱਟ ਐਂਡ ਜੂਲੀਟ', 'ਜੱਟ ਏਅਰਵੇਜ਼' ਆਦਿ 'ਚ ਕੰਮ ਕੀਤਾ ਹੈ।
ਉਨ੍ਹਾਂ ਨੇ ਆਪਣੀ ਕਲਾ ਦੇ ਜ਼ਰੀਏ ਕਿਹਾ ਕਿ ਮੇਰੀਆਂ ਫਿਲਮਾਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੀਆਂ ਹਨ, ਜਿਵੇਂ ਕਿ ਕੰਨਿਆ ਭਰੂਣ ਹੱਤਿਆ, ਨਸ਼ੀਲੀਆਂ ਦਵਾਈਆਂ ਅਤੇ ਬੇਰੁਜ਼ਗਾਰੀ।
ਦੱਸ ਦਈਏ ਕਿ ਜਸਵਿੰਦਰ ਭੱਲਾ ਨੂੰ ਬੇਹਤਰੀਨ ਪੰਜਾਬੀ ਕਾਮੇਡੀਅਨ ਪੁਰਸਕਾਰਾਂ ਦਾ ਮਾਣ ਹਾਸਲ ਹੈ। ਉਨ੍ਹਾਂ ਦੇ ਡਾਇਲਾਗ ਡਲਿਵਰੀ ਨੂੰ ਪੰਜਾਬੀ ਕਾਮੇਡਿਅਨਾ 'ਚ ਸਭ ਤੋਂ ਤੇਜ਼ ਮੰਨਿਆ ਗਿਆ ਹੈ।
ਨਿੱਜ਼ੀ ਜੀਵਨ
ਜਸਵਿੰਦਰ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ, ਜੋ ਇਕ ਫਾਈਨ ਆਰਟਸ ਅਧਿਆਪਕ ਹੈ। ਉਨ੍ਹਾਂ ਦੇ ਬੇਟੇ ਦਾ ਨਾਮ ਪਖਰਾਜ ਭੱਲਾ ਹੈ। ਪੁਖਰਾਜ 2002 ਤੋਂ 'ਛਣਕਾਟਾ' ਦੇ ਕੁਝ ਕੈਸਟਾਂ 'ਚ ਵੀ ਆਇਆ ਹੈ।