ਮੈਡਰਿਡ(ਇੰਟ.)- ਸਟੇਜ ’ਤੇ ਲਾਈਵ ਸ਼ੋਅ ਦੌਰਾਨ ਇਕ ਸਪੈਨਿਸ਼ ਸਿੰਗਰ ਅਤੇ ਡਾਂਸਰ ਦੀ ਮੌਤ ਹੋ ਗਈ। ਉਹ ਲਾਈਵ ਪ੍ਰਫਾਰਮੈਂਸ ਕਰ ਰਹੀ ਸੀ, ਉਦੋਂ ਮੰਚ ’ਤੇ ਆਤਿਸ਼ਬਾਜ਼ੀ ਹੋਈ, ਇਸ ਦੌਰਾਨ ਉਹ ਪਟਾਕਿਆਂ ਦੀ ਲਪੇਟ ’ਚ ਆ ਗਈ ਅਤੇ ਉਸ ਦੀ ਮੌਤ ਹੋ ਗਈ।
ਮੀਡੀਆ ਰਿਪੋਰਟ ਅਨੁਸਾਰ ਸਪੈਨਿਸ਼ ਸਿੰਗਰ ਅਤੇ ਡਾਂਸਰ ਜੋਆਨਾ ਸੈਂਜ ਐਤਵਾਰ ਨੂੰ ਇਕ ਈਵੈਂਟ ’ਚ ਆਪਣੇ ਮਿਊਜ਼ੀਕਲ ਗਰੁੱਪ ਸੁਪਰ ਹਾਲੀਵੁੱਡ ਆਰਕੈਸਟਰਾ ਦੇ ਨਾਲ ਪ੍ਰਫਾਰਮੈਂਸ ਦੇ ਰਹੀ ਸੀ। ਉਸੇ ਵੇਲੇ ਸਟੇਜ ਤੋਂ ਦੋ ਰਾਕੇਟ ਚੱਲੇ, ਜਿਸ ’ਚੋਂ ਇਕ ਤਾਂ ਸਹੀ ਦਿਸ਼ਾ ’ਚ ਗਿਆ ਪਰ ਦੂਜਾ ਗਾਇਕ ਦੀ ਢਿੱਡ ’ਚ ਜਾ ਕੇ ਵੱਜਿਆ। ਜਦੋਂ ਤੱਕ ਜੋਆਨਾ ਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।