FacebookTwitterg+Mail

‘ਜੋਰਾ ਦਿ ਸੈਕਿੰਡ ਚੈਪਟਰ’ ਰਾਹੀਂ ਹੁਣ ਵੱਡੇ ਪਰਦੇ ’ਤੇ ਗੂੰਜੇਗਾ ‘ਸਿੰਘਾ ਬੋਲਦਾ ਵੀਰੇ’

jora  the second chapter
03 March, 2020 08:28:14 AM

ਚੰਡੀਗੜ੍ਹ(ਜ. ਬ.)– ਪੰਜਾਬੀ ਗੀਤਕਾਰ ਅਤੇ ਗਾਇਕੀ ’ਚ ਥੋੜ੍ਹੇ ਸਮੇਂ ’ਚ ਵੱਡਾ ਨਾਂ ਕਮਾਉਣ ਵਾਲਾ ਗੀਤਕਾਰ ਤੇ ਗਾਇਕ ਸਿੰਘਾ ਹੁਣ ਵੱਡੇ ਪਰਦੇ ’ਤੇ ਅਦਾਕਾਰੀ ਕਰਦਾ ਵੀ ਨਜ਼ਰ ਆਵੇਗਾ। ਉਹ ਅੱਜ-ਕੱਲ ਆਪਣੀ ਫ਼ਿਲਮ ‘ਜੋਰਾ ਦਿ ਸੈਕਿੰਡ ਚੈਪਟਰ’ ਨੂੰ ਲੈ ਕੇ ਸੁਰਖੀਆ ਵਿਚ ਹੈ। ਨਾਮਵਰ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਇਹ ਫ਼ਿਲਮ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਮਨਦੀਪ ਸਿੰਘ ਉਰਫ ਸਿੰਘਾ ਇਸ ਫਿਲਮ ਵਿਚ ਵੀ ਸਿੰਘਾ ਨਾਂ ਦੇ ਨੌਜਵਾਨ ਦਾ ਹੀ ਕਿਰਦਾਰ ਨਿਭਾ ਰਿਹਾ ਹੈ। ਸਿਆਸਤ, ਗੈਂਗਸਟਰ ਕਲਚਰ ਅਤੇ ਅਜੋਕੇ ਸਮਾਜਿਕ ਤਾਣੇ ਬਾਣੇ ਦੁਆਲੇ ਘੁੰਮਦੀ ਇਸ ਫਿਲਮ ’ਚ ਸਿੰਘੇ ਦਾ ਮੁਕਾਬਲਾ ਫ਼ਿਲਮ ਦੇ ਨਾਇਕ ਜੋਰਾ ਯਾਨੀਕਿ ਦੀਪ ਸਿੱਧੂ ਨਾਲ ਹੋਵੇਗਾ। ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਵਿਮਲ ਚੋਪੜਾ ਅਤੇ ਅਮਰਿੰਦਰ ਸਿੰਘ ਰਾਜੂ ਦੀ ਇਸ ਫਿਲਮ ਬਾਰੇ ਸਿੰਘੇ ਦਾ ਕਹਿਣਾ ਹੈ ਕਿ ਉਸ ਦੇ ਗੀਤਾਂ ਵਾਂਗ ਦਰਸ਼ਕ ਉਸ ਦੀ ਇਸ ਫ਼ਿਲਮ ਨੂੰ ਵੀ ਪਸੰਦ ਕਰਨਗੇ। ਫ਼ਿਲਮ ’ਚ ਕਈ ਚਰਚਿਤ ਚਿਹਰੇ ਨਜ਼ਰ ਆਉਣਗੇ। ਇਨ੍ਹਾਂ ਨਾਮੀ ਕਲਾਕਾਰਾਂ ਨਾਲ ਕੰਮ ਕਰਦਿਆਂ ਉਸ ਨੂੰ ਫਿਲਮ ਜਗਤ ਅਤੇ ਅਦਾਕਾਰੀ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।

ਇਸ ਫ਼ਿਲਮ ’ਚ ਸਿਆਸੀ ਚੋਣਾਂ ਵੀ ਦਿਖਾਈਆਂ ਗਈਆਂ ਹਨ। ਇਨ੍ਹਾਂ ਚੋਣਾਂ ਵਿਚ ਉਹ ਜੋਰੇ ਦੇ ਖਿਲਾਫ਼ ਚੋਣ ਲੜ ਰਹੀ ਪਾਰਟੀ ਦੀ ਹਮਾਇਤ ਕਰਦਾ ਹੈ, ਜਿਸ ਕਾਰਣ ਦੋਵਾਂ ’ਚ ਤਕਰਾਰ ਹੁੰਦਾ ਹੈ। ਫ਼ਿਲਮ ’ਚ ਦੋਵਾਂ ਦੀ ਪੁਰਾਣੀ ਟਸਲ ਵੀ ਦਿਖਾਈ ਗਈ ਹੈ। ਸਿੰਘੇ ਮੁਤਾਬਕ ਇਹ ਫਿਲਮ ਆਮ ਪੰਜਾਬੀ ਫਿਲਮਾਂ ਵਰਗੀ ਨਹੀਂ ਹੈ, ਇਸ ਫਿਲਮ ਵਿਚ ਬਹੁਤ ਕੁਝ ਅਜਿਹਾ ਹੈ, ਜੋ ਸਾਡੀ ਅਸਲ ਜ਼ਿੰਦਗੀ ਵਿਚ ਸਾਡੇ ਆਲੇ-ਦੁਆਲੇ ਵਾਪਰਦਾ ਹੈ। ਉਸ ਮੁਤਾਬਕ ਉਹ ਨਿੱਜੀ ਤੌਰ ’ਤੇ ਵੀ ਅਜਿਹੀਆਂ ਫਿਲਮਾਂ ਦਾ ਸ਼ੌਕੀਨ ਹੈ। ਫਿਲਮ ਦੇ ਟ੍ਰੇਲਰ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਫਿਲਮ ਦੇ ਗੀਤ ਵੀ ਦਰਸ਼ਕਾਂ ਦੀ ਜ਼ੁਬਾਨ ’ਤੇ ਚੜ੍ਹ ਚੁੱਕੇ ਹਨ। ਉਨ੍ਹਾਂ ਨੂੰ ਉਮੀਦ ਹੀ ਨਹੀਂ ਬਲਕਿ ਪੂਰਨ ਯਕੀਨ ਹੈ ਕਿ ਇਹ ਫਿਲਮ ਦਰਸ਼ਕਾਂ ਦਾ ਦਿਲ ਜਿੱਤਣ ’ਚ ਕਾਮਯਾਬ ਹੋਵੇਗੀ।

ਸਿੰਘੇ ਮੁਤਾਬਕ ਉਸ ਨੂੰ ਬਹੁਤ ਸਾਰੀਆਂ ਫਿਲਮਾਂ ਦੀ ਪੇਸ਼ਕਸ਼ ਆ ਚੁੱਕੀ ਹੈ ਪਰ ਉਹ ਇਸ ਮਾਮਲੇ ’ਚ ਕੋਈ ਕਾਹਲੀ ਨਹੀਂ ਕਰ ਰਿਹਾ ਹੈ। ਜੋਰੇ ਤੋਂ ਪਹਿਲਾਂ ਉਸ ਨੇ ਬਹੁਤ ਸਾਰੀਆਂ ਫਿਲਮਾਂ ਦੀ ਕਹਾਣੀ ਸੁਣੀ ਪਰ ਉਸ ਨੂੰ ਜੋਰੇ ਦੀ ਕਹਾਣੀ ’ਚ ਦਮ ਲੱਗਿਆ, ਜਿਸ ਕਾਰਣ ਉਨ੍ਹਾਂ ਇਸ ਫਿਲਮ ਜ਼ਰੀਏ ਆਪਣਾ ਫਿਲਮੀ ਕਰੀਅਰ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਉਸ ਨੂੰ ਆਪਣੇ ਚਾਹੁਣ ਵਾਲਿਆਂ ’ਤੇ ਭਰੋਸਾ ਹੈ ਕਿ ਉਹ ਕਦੇ ਵੀ ਉਸ ਦੇ ਫੈਸਲੇ ਨੂੰ ਗਲਤ ਸਾਬਿਤ ਨਹੀਂ ਹੋਣ ਦੇਣਗੇ।


Tags: Jora The Second ChapterDeep SidhuSinggaAmardeep Gill6 MarchPunjabi Celebrity

About The Author

Lakhan

Lakhan is content editor at Punjab Kesari