ਚੰਡੀਗੜ੍ਹ (ਜ. ਬ.)– ਇਸ ਸਾਲ ਦੀਆਂ ਬਹੁ-ਚਰਚਿਤ ਫ਼ਿਲਮਾਂ ’ਚ ਸ਼ੁਮਾਰ ਪੰਜਾਬੀ ਫ਼ਿਲਮ ‘ਜੋਰਾ : ਦਿ ਸੈਕਿੰਡ ਚੈਪਟਰ’ 6 ਮਾਰਚ ਨੂੰ ਦੁਨੀਆਭਰ ’ਚ ਰਿਲੀਜ਼ ਹੋ ਚੁੱਕੀ ਹੈ। ਸੋਸ਼ਲ ਮੀਡੀਆ ’ਤੇ ਇਸ ਫ਼ਿਲਮ ਪ੍ਰਤੀ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਹੈ। ਅਮਰਦੀਪ ਸਿੰਘ ਗਿੱਲ ਦੀ ਲਿਖੀ ਤੇ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਦਾ ਹੀਰੋ ਦੀਪ ਸਿੱਧੂ ਹੈ। ਜੋਰਾ ਬਾਈ ਦੇ ਨਾਂ ਨਾਲ ਜਾਣੇ ਜਾਂਦੇ ਦੀਪ ਸਿੱਧੂ ਦੀ ਬਤੌਰ ਹੀਰੋ ਇਹ ਛੇਵੀਂ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ ਦੀਪ ਸਿੱਧੂ ਦੀ ਅਦਾਕਾਰੀ, ਐਕਸ਼ਨ ਤੇ ਖੂਬਸੂਰਤ ਫ਼ਿਲਮੀ ਡਾਇਲਾਗਸ ਦੀ ਸੌਗਾਤ ਹੋਵੇਗੀ। ਕਾਬਿਲ-ਏ-ਗੌਰ ਹੈ ਕਿ ਦੀਪ ਸਿੱਧੂ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਜੋੜੀ ਦੀ ਪਹਿਲੀ ਫ਼ਿਲਮ 'ਜੋਰਾ' ਨੂੰ ਥੀਏਟਰਾਂ ਦੇ ਨਾਲ-ਨਾਲ ਡਿਜੀਟਲ ਪਲੇਟਫ਼ਾਰਮ ’ਤੇ ਵੱਡਾ ਹੁੰਗਾਰਾ ਮਿਲਿਆ ਸੀ।
ਇਹ ਫ਼ਿਲਮ ‘ਨੈੱਟਫਲਿਕਸ’ ’ਤੇ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਫ਼ਿਲਮਾਂ ’ਚ ਮੋਹਰੀ ਹੈ। ਹੁਣ ਇਸ ਦੇ ਸੀਕੁਅਲ 'ਜੋਰਾ ਅਧਿਆਏ ਦੂਜਾ' ਦਾ ਵੀ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫ਼ਿਲਮ ’ਚ ਇਸ ਵਾਰ ਦੀਪ ਸਿੱਧੂ ਦੇ ਨਾਲ-ਨਾਲ ਪੰਜਾਬੀ ਗਾਇਕ ਸਿੰਘਾ ਵੀ ਨਜ਼ਰ ਆਵੇਗਾ। ਫ਼ਿਲਮ ਦੇ ਬਾਕੀ ਅਹਿਮ ਕਲਾਕਾਰਾਂ ’ਚ ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਅਸ਼ੀਸ਼ ਦੁੱਗਲ, ਮੁਕੇਸ਼ ਤਿਵਾੜੀ, ਮਹਾਵੀਰ ਭੁੱਲਰ, ਯਾਦ ਗਰੇਵਾਲ, ਕੁੱਲ ਸਿੱਧੂ, ਸੋਨਪ੍ਰੀਤ ਜਵੰਦਾ, ਪਾਲੀ ਸੰਧੂ, ਬਲਜੀਤ ਸਿੰਘ, ਅਮਨ, ਕਰਨ ਬਟਨ, ਹਰਿੰਦਰ ਭੁੱਲਰ, ਅੰਮ੍ਰਿਤ ਅੰਬੀ, ਸਤਿੰਦਰ ਕੌਰ, ਦਵਿੰਦਰ ਪੁਰਬਾ ਤੇ ਅਸ਼ੋਕ ਤਾਂਗੜੀ ਆਦਿ ਸ਼ਾਮਲ ਹਨ ।
ਸੂਤਰਾਂ ਮੁਤਾਬਕ ਇਹ ਫ਼ਿਲਮ ਪੰਜਾਬ ਦੀਆਂ ਕੁਝ ਸਿਆਸੀ ਸ਼ਖ਼ਸੀਅਤਾਂ, ਗਾਇਕਾਂ ਤੇ ਸਰਕਾਰੀਤੰਤਰ ’ਤੇ ਵੀ ਵਿਅੰਗ ਕਰਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਪੰਜਾਬ ਦੀ ਸਿਆਸਤ ’ਚ ਨਵੀਂ ਚਰਚਾ ਵੀ ਛੇੜ ਸਕਦੀ ਹੈ। ਬੇਸ਼ੱਕ ਫ਼ਿਲਮ ਦੀ ਟੀਮ ਇਨ੍ਹਾਂ ਤੱਥਾਂ ਦੀ ਪੁਸ਼ਟੀ ਨਹੀਂ ਕਰਦੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਪੰਜਾਬ ਦੀ ਸਿਆਸਤ ’ਤੇ ਵਿਅੰਗ ਕਰਦੀ ਹੋਈ ਰਾਜਨੀਤੀ, ਪੁਲਸ ਤੇ ਗੁੰਡਾ ਤੰਤਰ ਦੁਆਲੇ ਘੁੰਮਦੀ ਹੈ। ਇਸ ਫਿਲਮ ਦੇ ਟ੍ਰੇਲਰ ਨੂੰ ਜਿਸ ਪੱਧਰ ’ਤੇ ਸ਼ਾਨਦਾਰ ਹੁੰਗਾਰਾ ਮਿਲਿਆ ਹੈ, ਉਸ ਤੋਂ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਸ਼ਾਨਦਾਰ ਓਪਨਿੰਗ ਨਾਲ ਇਕ ਨਵਾਂ ਇਤਿਹਾਸ ਰਚ ਸਕਦੀ ਹੈ।