FacebookTwitterg+Mail

'ਜੋਰਾ ਦਿ ਸੈਕਿੰਡ ਚੈਪਟਰ' ਦੇ ਟਰੇਲਰ ਦੀ ਹਰ ਪਾਸੇ ਚਰਚਾ, 6 ਮਾਰਚ ਨੂੰ ਰਿਲੀਜ਼ ਹੋਵੇਗੀ ਫਿਲਮ

jora the second chapter trailer
20 February, 2020 10:17:59 AM

ਜਲੰਧਰ (ਬਿਊਰੋ) — 6 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਜੋਰਾ ਦਿ ਸੈਕਿੰਡ ਚੈਪਟਰ' ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਫਿਲਮ ਦੇ ਟਰੇਲਰ ਨੂੰ ਯੂਟਿਊਬ 'ਤੇ 3 ਮਿਲੀਅਨ ਦੇ ਕਰੀਬ ਦੇਖਿਆ ਜਾ ਚੁੱਕਾ ਹੈ। ਦੱਸ ਦਈਏ ਕਿ ਆਮ ਤੌਰ 'ਤੇ ਹਰ ਫਿਲਮ 'ਚ ਇਕ ਹੀਰੋ ਹੁੰਦਾ ਹੈ ਤੇ ਇਕ ਖਲਨਾਇਕ ਹੁੰਦਾ ਹੈ, ਜਿਨ੍ਹਾਂ ਦੀ ਪਛਾਣ ਆਮ ਤੌਰ 'ਤੇ ਫ਼ਿਲਮ ਦੇ ਪੋਸਟਰ ਤੋਂ ਹੀ ਹੋ ਜਾਂਦੀ ਹੈ ਪਰ ਹਾਲ ਹੀ 'ਚ ਰਿਲੀਜ਼ ਹੋਏ ਪੰਜਾਬੀ ਫਿਲਮ 'ਜੋਰਾ ਦਿ ਸੈਕਿੰਡ ਚੈਪਟਰ' ਦਾ ਟਰੇਲਰ ਦੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਇਸ ਫਿਲਮ ਵਿਚ ਕੌਣ ਨਾਇਕ ਹੈ ਤੇ ਕੌਣ ਖਲਨਾਇਕ। ਹਰ ਪਾਸੇ ਛਾਏ ਇਸ ਫਿਲਮ ਦੇ ਟਰੇਲਰ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਦਿੱਗਜ ਕਲਾਕਾਰਾਂ ਨਾਲ ਭਰੀ ਇਸ ਫਿਲਮ ਵਿਚ ਹਰ ਕੋਈ ਇਕ ਦੂਜੇ ਤੋਂ ਵੱਧ ਹੈ। ਕੌਣ ਬਾਦਸ਼ਾਹ ਹੈ, ਕੌਣ ਵਜ਼ੀਰ, ਕੌਣ ਪਿਆਦਾ ਹੈ ਤੇ ਕੌਣ ਘੋੜਾ ਟਰੇਲਰ ਤੋਂ ਇਹ ਅੰਦਾਜ਼ਾ ਲਾਉਣਾ ਬੇਹੱਦ ਮੁਸ਼ਕਲ ਹੈ ਪਰ ਹਰ ਕੋਈ ਆਪਣੀ ਚਾਲ ਜ਼ਰੂਰ ਚੱਲ ਰਿਹਾ ਹੈ। ਦਮਦਾਰ ਡਾਇਲਾਗਸ ਵਾਲੇ ਫਿਲਮ ਦੇ ਟਰੇਲਰ 'ਚ ਦਿਸੇ ਇਸੇ ਸਸਪੈਂਸ ਨੇ ਫਿਲਮ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ। ਫਿਲਮ ਦੇ ਟਰੇਲਰ ਤੋਂ ਝਲਕਦਾ ਹੈ ਕਿ ਇਹ ਫ਼ਿਲਮ ਗੁੰਡਾਤੰਤਰ, ਸਿਆਸਤ ਅਤੇ ਪੁਲਸ ਦੁਆਲੇ ਘੁੰਮਦੀ ਹੋਈ ਇਸ ਤਿੱਕੜੀ ਦੀਆਂ ਕਈ ਪਰਤਾਂ ਖੋਲ੍ਹਦੀ ਹੈ। ਬਠਿੰਡਾ ਸ਼ਹਿਰ ਦੁਆਲੇ ਘੁੰਮਦੀ ਇਸ ਫ਼ਿਲਮ ਦੇ ਡਾਇਲਾਗ ਇੰਨੇ ਦਮਦਾਰ ਹਨ ਕਿ ਦਰਸ਼ਕਾਂ ਵੱਲੋਂ ਇਨ੍ਹਾਂ ਦੀ ਵਰਤੋਂ ਸੋਸ਼ਲ ਮੀਡੀਆ 'ਤੇ ਖੂਬ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦਾ ਨਾਇਕ ਦੀਪ ਸਿੱਧੂ ਹੈ। ਫਿਲਮ ਵਿਚ ਪੰਜਾਬੀ ਗਾਇਕ ਸਿੰਘਾ, ਗੁੱਗੂ ਗਿੱਲ, ਹੌਬੀ ਧਾਲੀਵਾਲ, ਮਾਹੀ ਗਿੱਲ, ਜਪਜੀ ਖਹਿਰਾ, ਯਾਦ ਗਰੇਵਾਲ, ਕੁੱਲ ਸਿੱਧੂ ਅਤੇ ਸੋਨਪ੍ਰੀਤ ਜਵੰਧਾ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਣਗੇ। ਅਮਰਦੀਪ ਸਿੰਘ ਗਿੱਲ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ਵਿਚ ਭਾਰਤੀ ਫ਼ਿਲਮ ਜਗਤ ਦੇ ਹੀਮੈਨ ਧਰਮਿੰਦਰ ਵੀ ਦਮਦਾਰ ਕਿਰਦਾਰ 'ਚ ਦਿਖਾਈ ਦੇ ਰਹੇ ਹਨ, ਜਿਸ ਦੀ ਝਲਕ ਟ੍ਰੇਲਰ 'ਚ ਦੇਖੀ ਜਾ ਸਕਦੀ ਹੈ। 'ਲਾਊਡ ਰੌਰ ਮਿਊਜ਼ਿਕ' ਦੇ ਚੈਨਲ 'ਤੇ ਰਿਲੀਜ਼ ਹੋਏ ਫ਼ਿਲਮ ਦੇ ਟ੍ਰੇਲਰ ਨੇ ਇਹ ਦਰਸਾ ਦਿੱਤਾ ਹੈ ਕਿ ਇਹ ਫ਼ਿਲਮ ਹਰ ਪੱਖ ਤੋਂ ਹੋਰਨਾਂ ਪੰਜਾਬੀ ਫਿਲਮਾਂ ਨਾਲੋਂ ਵੱਖਰੀ ਫ਼ਿਲਮ ਹੈ। ਇਸ ਫ਼ਿਲਮ ਦੇ ਟ੍ਰੇਲਰ ਦਾ ਇੰਤਜ਼ਾਰ ਪਿਛਲੇ ਕਈ ਦਿਨਾਂ ਤੋਂ ਕੀਤਾ ਜਾ ਰਿਹਾ ਸੀ। 'ਬਠਿੰਡੇ ਵਾਲੀ ਬਾਈ ਫ਼ਿਲਮਸ' ਅਤੇ 'ਲਾਊਡ ਰੌਰ ਫ਼ਿਲਮਸ' ਦੇ ਬੈਨਰ ਹੇਠ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਵਿਮਲ ਚੋਪੜਾ ਤੇ ਅਮਰਿੰਦਰ ਸਿੰਘ ਰਾਜੂ ਦੀ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਪਸੰਦ ਬਣੇਗੀ। ਇਸ ਦਾ ਅੰਦਾਜ਼ਾ ਟ੍ਰੇਲਰ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਤੋਂ ਹੀ ਲਾਇਆ ਜਾ ਸਕਦਾ ਹੈ।


Tags: Jora The Second ChapterTrailerDeep SidhuSinggaAmardeep Gill6 MarchPunjabi Celebrity

About The Author

sunita

sunita is content editor at Punjab Kesari