ਜਲੰਧਰ (ਬਿਊਰੋ)— ਆਗਾਮੀ ਪੰਜਾਬੀ ਫਿਲਮ 'ਮੁਕਲਾਵਾ' ਦਾ ਤੀਜਾ ਗੀਤ 'ਜੁੱਤੀ' ਕੱਲ ਯਾਨੀ ਕਿ 9 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੇ ਟੀਜ਼ਰ ਦੇ ਨਾਲ-ਨਾਲ ਇਸ ਦੇ ਮੋਸ਼ਨ ਪੋਸਟਰ ਨੂੰ ਵੀ ਰਿਲੀਜ਼ ਕੀਤਾ ਗਿਆ ਹੈ। 'ਜੁੱਤੀ' ਗੀਤ ਨੂੰ ਐਮੀ ਵਿਰਕ ਤੇ ਮੰਨਤ ਨੂਰ ਨੇ ਆਵਾਜ਼ ਦਿੱਤੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਫਿਲਮ ਦੇ ਰਿਲੀਜ਼ ਹੋਏ ਪਹਿਲੇ ਗੀਤਾਂ 'ਕਾਲਾ ਸੂਟ' ਤੇ 'ਗੁਲਾਬੀ ਪਾਣੀ' ਵਾਂਗ 'ਜੁੱਤੀ' ਵੀ ਇਕ ਡਿਊਟ ਗੀਤ ਹੈ। 'ਜੁੱਤੀ' ਗੀਤ ਦੇ ਬੋਲ ਰਾਜੂ ਵਰਮਾ ਨੇ ਲਿਖੇ ਤੇ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ, ਜੋ ਵਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।
ਉਥੇ ਫਿਲਮ 'ਮੁਕਲਾਵਾ' ਦੀ ਗੱਲ ਕਰੀਏ ਤਾਂ ਇਸ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ ਤੇ ਨਿਰਮਲ ਰਿਸ਼ੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖਿਆ ਹੈ। ਫਿਲਮ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦੁਨੀਆ ਭਰ 'ਚ ਫਿਲਮ ਵੱਡੇ ਪੱਧਰ 'ਤੇ 24 ਮਈ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।