ਜਲੰਧਰ (ਬਿਊਰੋ) : 'ਕਬੱਡੀ' ਪੰਜਾਬ ਦੀ ਹਰਮਨ ਪਿਆਰੀ ਖੇਡ ਹੈ, ਜਿਸ ਨੂੰ ਲੈ ਕੇ ਪੰਜਾਬੀ ਇੰਡਸਟਰੀ ਵੱਲੋਂ ਵੀ ਹਮੇਸ਼ਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਕਬੱਡੀ ਦਾ ਪ੍ਰਸਿੱਧ ਖਿਡਾਰੀ ਨਰਿੰਦਰ ਰਾਮ ਬਿੱਟੂ ਦੁਗਾਲ ਦੀ ਮੌਤ ਨਾਲ ਆਮ ਜਨਤਾ ਦੇ ਨਾਲ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਸਦਮੇ 'ਚ ਹਨ। ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਮਨੀ ਔਜਲਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਬਿੱਟੂ ਦੁਗਾਲ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, ''ਕਬੱਡੀ ਜਗਤ ਲਈ ਬਹੁਤ ਹੀ ਮਾੜੀ ਖਬਰ ਸਾਡਾ ਵੀਰ ਬਿੱਟੂ ਦੁਗਾਲ ਇਸ ਦੁਨੀਆ 'ਚ ਨਹੀਂ ਰਿਹਾ। ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ। ਕਬੱਡੀ ਜਗਤ ਨੂੰ ਵਾਹਿਗੁਰੂ ਵੀਰ ਦੀ ਆਤਮਾਂ ਨੂੰ ਸ਼ਾਂਤੀ ਬਖਸ਼ੇ.. ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ...ਪਰ ਹਮੇਸ਼ਾਂ ਸਾਡੇ ਦਿਲਾਂ 'ਚ ਰਹੇਗਾ ਸਾਡਾ ਵੀਰ।'' ਇਸ ਤੋਂ ਇਲਾਵਾ ਗੀਤਕਾਰ ਬੈਨੀ ਸਿੰਘ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਿੱਟੂ ਦੁਗਾਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ''Today we lose another superstar with pain in my heart RIP bittu dugal.. heart goes out to his family''।
ਦਿਮਾਗ ਦੀ ਨਾੜੀ ਫੱਟਣ ਕਾਰਣ ਹੋਈ ਨਰਿੰਦਰ ਬਿੱਟੂ ਦੁਗਾਲ ਦੀ ਮੌਤ

ਦੱਸ ਦਈਏ ਕਿ ਪਿਛਲੇ ਮਹੀਨੇ ਬਿੱਟੂ ਦੁਗਾਲ ਦੀ ਦਿਮਾਗ ਦੀ ਨਾੜੀ ਫੱਟ ਗਈ ਸੀ, ਜਿਸ ਕਾਰਨ ਉਹ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਸਨ। ਬਿੱਟੂ ਦੁਗਾਲ ਦਾ ਅੰਤਮ ਸੰਸਕਾਰ ਅੱਜ ਦੁਪਹਿਰ ਬਾਅਦਉਨ੍ਹਾਂ ਦੇ ਜੱਦੀ ਪਿੰਡ ਦੁਗਾਲ ਵਿਖੇ ਕੀਤਾ ਜਾਵੇਗਾ। ਬਿੱਟੂ ਨੇ ਕਬੱਡੀ ਦੇ ਅਨੇਕਾਂ ਕੱਪ ਤੇ ਟੂਰਨਾਮੈਂਟ ਆਪਣੀ ਟੀਮ ਨੂੰ ਜਿਤਾਏ ਸਨ। ਉਨ੍ਹਾਂ ਦੀ ਪਾਈ ਕੈਂਚੀ ਦਾ ਤੋੜ ਅੱਜ ਤੱਕ ਖਿਡਾਰੀਆਂ ਤੋਂ ਨਹੀਂ ਸੀ। ਉਨ੍ਹਾਂ ਨੇ ਅੱਜ ਤੱਕ ਇਨਾਮ ਵਜੋਂ ਅਨੇਕਾਂ ਮੋਟਰਸਾਈਕਲ, ਗੱਡੀਆਂ, ਟਰੈਕਟਰਾਂ ਤੇ ਸੋਨੇ ਦੀਆਂ ਮੁੰਦਰੀਆਂ ਵੀ ਜਿੱਤੀਆਂ ਸਨ।
ਕਬੱਡੀ ਦਾ ਪ੍ਰਸਿੱਧ ਖਿਡਾਰੀ ਸੀ ਨਰਿੰਦਰ ਦੁਗਾਲ

ਦੱਸਣਯੋਗ ਹੈ ਕਿ ਪੰਜਾਬੀ ਗਾਇਕ ਆਰ. ਨੇਟ ਨੇ ਪਿਛਲੇ ਮਹੀਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਵੀਡੀਓ ਪਾਈ ਸੀ, ਜਿਸ 'ਚ ਉਹ ਬਿੱਟੂ ਦੁਗਾਲ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਹੇ ਸਨ।