ਜਲੰਧਰ (ਬਿਊਰੋ) — ਸੱਭਿਆਚਾਰਕ ਗੀਤਾਂ ਦੇ ਬਾਦਸ਼ਾਹ ਕਮਲ ਹੀਰ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੇ ਹਨ। ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟ ਚੁੱਕੇ ਕਮਲ ਹੀਰ ਦਾ ਜਨਮ 23 ਜਨਵਰੀ, 1973 ਨੂੰ ਪਿੰਡ ਹੱਲੂਵਾਲ, ਪੰਜਾਬ 'ਚ ਹੋਇਆ। ਉਨ੍ਹਾਂ ਦਾ ਅਸਲੀ ਨਾਂ ਕਮਲਜੀਤ ਸਿੰਘ ਹੀਰ ਹੈ।
ਕਮਲ ਹੀਰ ਦਾ ਪੂਰਾ ਪਰਿਵਾਰ 1990 'ਚ ਕੈਨੇਡਾ 'ਚ ਸੈਟਲ ਹੋ ਗਿਆ ਸੀ। ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਉਸਤਾਦ ਜਸਵੰਤ ਸਿੰਘ ਭਾਵੜਾ ਤੋਂ ਗ੍ਰਹਿਣ ਕੀਤੀ।
ਕਮਲ ਹੀਰ ਨੇ ਸੰਗੀਤ ਦੀ ਦੁਨੀਆ 'ਚ ਪਹਿਲੀ ਡੈਬਿਊ ਐਲਬਮ 'ਕਮਲੀ' ਨਾਲ ਸਾਲ 2000 'ਚ ਸ਼ੁਰੂਆਤ ਕੀਤੀ ਪਰ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪ੍ਰਸਿੱਧੀ ਸਾਲ 2002 'ਚ ਗੀਤ 'ਕੈਂਠੇ ਵਾਲਾ' ਨਾਲ ਮਿਲੀ ਸੀ।
ਇਸ ਤੋਂ ਬਾਅਦ ਕਮਲ ਹੀਰ ਦੀਆਂ ਕਈ ਐਲਬਮਜ਼ ਰਿਲੀਜ਼ ਹੋਈਆਂ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਵੀ ਕੀਤਾ ਗਿਆ। ਇਸ ਤੋਂ ਬਾਅਦ ਹੋਲੀ-ਹੋਲੀ ਉਹ ਸਫਲਤਾ ਦੀ ਪੌੜੀ ਚੜ੍ਹਦੇ ਗਏ।
ਦੱਸ ਦਈਏ ਕਿ ਕਮਲ ਹੀਰ ਦੇ ਦੋ ਵੱਡੇ ਭਰਾ ਹਨ, ਮਨਮੋਹਨ ਵਾਰਿਸ ਅਤੇ ਸੰਗਤਾਰ। ਮਨਮੋਹਨ ਵਾਰਿਸ ਵੀ ਗਾਇਕੀ ਦੇ ਖੇਤਰ 'ਚ ਬੇਮਿਸਾਲ ਗਾਇਕ ਹਨ ਅਤੇ ਸੰਗਤਾਰ ਸੰਗੀਤ ਕੰਪੋਜ਼ਰ ਹਨ।
ਉਹ ਇਕ ਪ੍ਰਤਿਭਾਸ਼ਾਲੀ ਸੰਗੀਤਕਾਰ ਹਨ। ਇਨ੍ਹਾਂ ਤਿੰਨਾਂ ਦੀ ਜੋੜੀ ਦੇਸ਼ਾਂ-ਵਿਦੇਸ਼ਾਂ 'ਚ ਕਈ ਲਾਈਵ ਸ਼ੋਅ ਕਰ ਚੁੱਕੇ ਹਨ।
ਇਨ੍ਹਾਂ ਤਿੰਨਾਂ ਭਰਾਵਾਂ ਦਾ ਮਸ਼ਹੂਰ ਲਾਈਵ ਸ਼ੋਅ 'ਪੰਜਾਬੀ ਵਿਰਸਾ' ਪੂਰੀ ਦੁਨੀਆ 'ਚ ਪਸੰਦ ਕੀਤਾ ਜਾਂਦਾ ਹੈ।
ਇਹ ਸ਼ੋਅ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਕਾਫੀ ਹੈ। ਕਮਲ ਹੀਰ ਅਤੇ ਸੰਗਤਾਰ ਇਕੱਠੇ ਮਿਲ ਕੇ ਸੰਗੀਤ ਕੰਪੋਜ਼ ਕਰਦੇ ਹਨ।