ਮੇਰੇ ਸੁਪਨਿਆਂ ਦਾ ਪੰਜਾਬ ਉਹ ਖੁਸ਼ਹਾਲ ਪੰਜਾਬ ਹੈ ਜਿਥੇ ਕੋਈ ਵੀ ਦੁਖੀ ਨਹੀਂ ਵਸਦਾ। ਹਰ ਕੋਈ ਸਰਕਾਰੀ ਨਿਯਮਾਂ ਦੀ ਪਾਲਣਾ ਸਹੀ ਢੰਗ ਨਾਲ ਕਰਦਾ ਹੈ। ਇਕ ਅਜਿਹਾ ਪੰਜਾਬ ਜੋ ਤਰੱਕੀ ਦੀਆਂ ਰਾਹਾਂ 'ਤੇ ਸਹੀ ਤਰੀਕੇ ਨਾਲ ਚੱਲਦੇ ਹੋਏ, ਉਸ ਦੇ ਬਦਲਾਵਾਂ ਨੂੰ ਸਹੀ ਢੰਗ ਨਾਲ ਆਪਣਾ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਮੌਜੂਦਾ ਪੰਜਾਬ ਦੀ ਤਾਂ ਉਸ ਨੇ ਬੇਸ਼ਕ ਬੇਹੱਦ ਤਰੱਕੀ ਕੀਤੀ ਹੈ ਪਰ ਅੱਜ ਤੱਕ ਇਸ ਤਰੱਕੀ ਨੂੰ ਇਥੋਂ ਦੇ ਲੋਕ ਸਹੀ ਢੰਗ ਨਾਲ ਆਪਣੀ ਜ਼ਿੰਦਗੀ 'ਚ ਅਪਣਾ ਨਹੀਂ ਸਕੇ ਹਨ। ਤਰੱਕੀਸ਼ੁਦਾ ਪੰਜਾਬ 'ਚ ਸੜਕਾਂ ਹਨ, ਸੜਕੀ ਨਿਯਮ ਹਨ ਪਰ ਇਨ੍ਹਾਂ ਨਿਯਮਾਂ ਦੀ ਕੋਈ ਪਾਲਣਾ ਨਹੀਂ ਕਰਨਾ ਚਾਹੁੰਦਾ। ਹਰ ਕੋਈ ਸੜਕ 'ਤੇ ਇਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦਾ ਹੈ। ਇਸੇ ਚੱਕਰ 'ਚ ਉਹ ਸੜਕੀ ਨਿਯਮਾਂ ਨੂੰ ਭੁੱਲ ਜਾਂਦਾ ਹੈ, ਜਿਸ ਨਾਲ ਉਹ ਖੁਦ ਪ੍ਰੇਸ਼ਾਨ ਹੁੰਦਾ ਹੀ ਹੈ ਨਾਲ ਉਹ ਦੂਜਿਆਂ ਨੂੰ ਵੀ ਪ੍ਰੇਸ਼ਾਨ ਕਰਦਾ ਹੈ। ਪੰਜਾਬ ਦੇ ਕੁਝ ਮੁੱਦੇ ਹਨ ਤਾਂ ਬਹੁਤ ਛੋਟੇ ਹਨ, ਜਿਨ੍ਹਾਂ ਵੱਲ ਲੋਕ ਧਿਆਨ ਨਹੀਂ ਦਿੰਦੇ, ਜੇਕਰ ਇਨ੍ਹਾਂ ਮੁੱਦਿਆਂ ਵੱਲ ਗੌਰ ਕੀਤਾ ਜਾਵੇ ਤਾਂ ਸੁੰਦਰ ਤੇ ਖੁਸ਼ਹਾਲ ਪੰਜਾਬ ਦਾ ਨਿਰਮਾਣ ਹੋ ਸਕਦਾ ਹੈ।
ਪੰਜਾਬ ਦੀਆਂ ਸੜਕਾਂ ਕੰਢੇ ਸਾਈਨ ਬੋਰਡ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਬੋਰਡ ਜ਼ਰੂਰੀ ਹੋਣੇ ਚਾਹੀਦੇ ਹਨ। ਮੁੱਖ ਮਾਰਗਾਂ 'ਤੇ ਸਾਫ-ਸੁਥਰੇ ਬਾਥਰੂਮਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ। ਸੜਕਾਂ 'ਤੇ ਕੋਈ ਕਿਸੇ ਕੰਧ ਨਾਲ ਕੋਈ ਕਿਸੇ ਕੰਧ ਨਾਲ ਲੱਗ ਕੇ ਖੜ੍ਹਾ ਹੋ ਜਾਂਦਾ ਹੈ। ਉਥੇ ਨੇੜੇ-ਤੇੜੇ ਲੜਕੀਆਂ ਅਤੇ ਔਰਤਾਂ ਲੰਘਦੀਆਂ ਹਨ, ਦੇਖਣ ਵਾਲੇ ਨੂੰ ਵੀ ਸ਼ਰਮ ਆ ਜਾਂਦੀ ਹੈ ਪਰ ਅਜਿਹਾ ਕਰਨ ਵਾਲਾ ਇਸ ਨੂੰ ਆਪਣੀ ਮਜਬੂਰੀ ਦੱਸਦਾ ਹੈ। ਜਦ ਔਰਤਾਂ ਤੇ ਲੜਕੀਆਂ ਅਜਿਹਾ ਨਹੀਂ ਕਰਦੀਆਂ ਤਾਂ ਫਿਰ ਅਜਿਹਾ ਕਰਨਾ ਆਦਮੀ ਆਪਣਾ ਅਧਿਕਾਰ ਕਿਉਂ ਸਮਝਦਾ ਹੈ। ਸੜਕਾਂ 'ਤੇ ਭੀਖ ਮੰਗਣ ਵਾਲੇ ਨੂੰ ਅਕਸਰ ਬੋਲ ਕੇ ਜਾਂ ਭੀਖ ਦੇ ਕੇ ਅੱਗੇ ਲੰਘ ਜਾਂਦੇ ਹਨ ਪਰ ਉਨ੍ਹਾਂ ਬਾਰੇ ਕੋਈ ਨਹੀਂ ਸੋਚਦਾ। ਭਿਖਾਰੀਆਂ ਦੇ ਬੱਚਿਆਂ ਲਈ ਵੀ ਅਜਿਹੇ ਨਿਯਮ ਹੋਣੇ ਚਾਹੀਦੇ ਹਨ ਕਿ ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਭਿਖਾਰੀ ਨਾ ਬਣਨ। ਉਨ੍ਹਾਂ ਲਈ ਚੰਗੀ ਸਿੱਖਿਆ ਦੀ ਵਿਵਸਥਾ ਹੋਣੀ ਚਾਹੀਦੀ ਹੈ। ਚੰਗੀ ਸਿੱਖਿਆ ਨਾਲ ਹੀ ਉਹ ਜ਼ਿੰਦਗੀ 'ਚ ਅੱਗੇ ਵਧ ਸਕਦੇ ਹਨ। ਅੱਜ ਹਰ ਕੋਈ ਭਿਖਾਰੀਆਂ ਤੋਂ ਮੁਕਤ ਸੂਬੇ ਦੀ ਮੰਗ ਕਰਦਾ ਹੈ ਪਰ ਉਨ੍ਹਾਂ ਬਾਰੇ ਸੋਚਣਾ ਕੋਈ ਨਹੀਂ ਜਾਣਦਾ।
ਭਿਖਾਰੀਆਂ ਤੋਂ ਮੁਕਤ ਪੰਜਾਬ ਤਾਂ ਹੀ ਹੋਵੇਗਾ, ਜੇਕਰ ਉਨ੍ਹਾਂ ਦੇ ਬੱਚਿਆਂ ਲਈ ਅਜਿਹੀਆਂ ਸਕੀਮਾਂ ਲਿਆਂਦੀਆਂ ਜਾਣ ਜਿਨ੍ਹਾਂ ਨਾਲ ਉਹ ਜ਼ਿੰਦਗੀ 'ਚ ਤਰੱਕੀ ਕਰ ਸਕਣ। ਪੰਜਾਬ ਦੇ ਲੋਕ ਹੋਰ ਭਾਸ਼ਾਵਾਂ ਵੱਲ ਭੱਜ ਰਹੇ ਹਨ ਤੇ ਪੰਜਾਬੀ ਭਾਸ਼ਾ ਨੂੰ ਭੁੱਲਦੇ ਜਾ ਰਹੇ ਹਨ ਪਰ ਜਦੋਂ ਇਹ ਗੁੱਸੇ 'ਚ ਹੁੰਦੇ ਹਨ ਤਾਂ ਇਹ ਗਾਲ੍ਹ ਕੱਢਣ ਲਈ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹਨ। ਅਜਿਹੇ ਲੋਕਾਂ ਨੂੰ ਅਪੀਲ ਹੈ ਕਿ ਪੰਜਾਬੀ ਗਾਲ੍ਹਾਂ ਦੀ ਭਾਸ਼ਾ ਨਹੀਂ, ਸਗੋਂ ਕਿ ਤਹਿਜ਼ੀਬ, ਵਿਰਾਸਤ ਅਤੇ ਆਦਰ-ਸਤਿਕਾਰ ਦੀ ਭਾਸ਼ਾ ਹੈ। ਪੰਜਾਬੀ ਭਾਸ਼ਾ ਗੁਰੂ ਦੇ ਮੂੰਹੋਂ ਨਿਕਲੀ ਉਹ ਭਾਸ਼ਾ ਹੈ, ਜਿਸ 'ਚ ਕਈ ਗੰ੍ਰਥ ਲਿਖੇ ਗਏ। ਪੰਜਾਬੀ ਸ਼ਾਇਰਾਂ, ਕਿੱਸਿਆਂ, ਹਾਣੀਆਂ, ਇਤਿਹਾਸ ਦੀ ਉਹ ਅਮੀਰ ਭਾਸ਼ਾ ਹੈ, ਜਿਸ ਵੱਲ ਦੁਨੀਆ ਭਰ ਦਾ ਝੁਕਾਅ ਹੋ ਰਿਹਾ ਹੈ। ਅੰਤ 'ਚ ਮੈਂ ਲੋਕਾਂ ਨੂੰ ਪਾਣੀ ਬਚਾਉਣ, ਦਰੱਖਤ ਲਗਾਉਣ ਦੀ ਅਪੀਲ ਕਰਦੇ ਹੋਏ ਇਹ ਕਹਿੰਦਾ ਹਾਂ ਕਿ ਪੰਜਾਬ ਨੂੰ ਰੇਗਿਸਤਾਨ ਬਣਾਉਣ ਵੱਲ ਨਾ ਲੈ ਕੇ ਜਾਓ। ਲੋਕ ਵੋਟ ਕਰਨ ਜ਼ਰੂਰ ਜਾਣ। ਲੜ ਕੇ ਤੇ ਕੁਰਬਾਨੀਆਂ ਦੇ ਕੇ ਹਾਸਲ ਕੀਤੇ ਵੋਟ ਦੇ ਹੱਕ ਨੂੰ ਇਕ ਬੋਤਲ ਲਈ ਨਾ ਵੇਚੋ। ਈਮਾਨਦਾਰੀ ਨਾਲ ਵੋਟ ਪਾਓ।
ਚੀਰ ਦਿੰਦੇ ਆ ਪਹਾੜ, ਹੁੰਦਾ ਜਿਨ੍ਹਾਂ ਨੂੰ ਜਨੂੰਨ
ਰਹਿ ਕੇ ਮੰਜ਼ਿਲਾਂ ਤੋਂ ਦੂਰ, ਕਿੱਥੇ ਮਿਲਦਾ ਸਕੂਨ
ਹਾਰਦੇ ਨੀਂ ਹੁੰਦੇ, ਕਦੇ ਮਰਦ ਦਲੇਰ
ਬਸ ਹੌਸਲੇ ਬਣਾ ਕੇ, ਤੁਸੀਂ ਬੰਬ ਰੱਖਿਓ
ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ
ਦੇਖੇ ਲਿਖਦੇ ਮੈਂ ਲੋਕ, ਹੱਥਾਂ ਬਾਹਾਂ ਤੋਂ ਬਗੈਰ
ਪਹੁੰਚ ਚੰਨ ਤੱਕ ਜਾਂਦੇ, ਲੋਕੀ ਰਾਹਾਂ ਤੋਂ ਬਗੈਰ
ਬਦਲ ਕੇ ਹਟਾਂਗੇ, ਹਵਾਵਾਂ ਦੇ ਵੀ ਰੁਖ
ਲਾ ਕੇ ਸੋਚਾਂ ਨੂੰ ਖਵਾਬਾਂ ਵਾਲੇ ਖੰਭ ਰੱਖਿਓ
ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ
ਆਪਣੇ ਹੱਥਾਂ ਦੇ ਨਾਲ ਲਿਖੋ ਤਕਦੀਰ
ਲੱਗੇ ਲਿਖਣ ਦਲੇਰਾਂ ਵਾਲਾ ਢੰਗ ਰੱਖਿਓ
ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ
—ਕਮਲ ਹੀਰ