ਨਵੀਂ ਦਿੱਲੀ(ਬਿਊਰੋ)— ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਰਾਜਪੂਤ ਸਮਾਜ ਦੇ ਵਿਰੋਧ ਤੋਂ ਬਾਅਦ ਜਿਵੇਂ-ਤਿਵੇਂ ਰਿਲੀਜ਼ ਹੋਈ ਪਰ ਇਸੇ ਤਰ੍ਹਾਂ ਦੀ ਹੁਣ ਇਕ ਹੋਰ ਫਿਲਮ ਆਉਣ ਵਾਲੀ ਹੈ, ਜੋ ਕੰਗਨਾ ਰਾਣਾਵਤ ਦੀ ਫਿਲਮ 'ਮਣੀਕਰਣਿਕਾ-ਦਿ ਕੁਈਨ ਆਫ ਝਾਂਸੀ' ਹੈ, ਉਸ ਦਾ ਵੀ ਵਿਰੋਧ ਸ਼ੁਰੂ ਹੋ ਗਿਆ ਹੈ।
ਇਹ ਫਿਲਮ ਰਾਣੀ ਲਕਸ਼ਮੀ ਬਾਈ ਦੇ ਜੀਵਨ 'ਤੇ ਆਧਾਰਿਤ ਹੈ। ਜਾਣਕਾਰੀ ਮੁਤਾਬਕ ਜੈਪੁਰ ਵਿਚ ਸਰਵ ਬ੍ਰਾਹਮਣ ਮਹਾਸਭਾ ਦੇ ਪ੍ਰਧਾਨ ਸੁਰੇਸ਼ ਮਿਸ਼ਰਾ ਨੇ ਦੋਸ਼ ਲਾਇਆ ਹੈ ਕਿ ਇਸ ਫਿਲਮ ਵਿਚ ਰਾਣੀ ਲਕਸ਼ਮੀ ਬਾਈ ਦੇ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਅਤੇ ਉਸ ਦਾ ਇਕ ਬ੍ਰਿਟਿਸ਼ਮੈਨ ਨਾਲ ਅਫੇਅਰ ਦਿਖਾਇਆ ਜਾ ਰਿਹਾ ਹੈ। ਮਹਾਸਭਾ ਨੇ ਰਾਜਸਥਾਨ ਸਰਕਾਰ ਨੂੰ ਫਿਲਮ ਦੀ ਸ਼ੂਟਿੰਗ ਰੁਕਵਾਉਣ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਹੈ।
ਮਿਸ਼ਰਾ ਨੇ ਕਿਹਾ ਹੈ ਕਿ ਉਸ ਨੂੰ ਆਪਣੇ ਦੋਸਤ ਅਤੇ ਜਾਣ-ਪਛਾਣ ਵਾਲੇ, ਜੋ ਫਿਲਮ ਦੀ ਸ਼ੂਟਿੰਗ ਦੌਰਾਨ ਇਸ ਦੇ ਕਈ ਸੀਨਸ ਦਾ ਹਿੱਸਾ ਸਨ, ਤੋਂ ਪਤਾ ਲੱਗਾ ਹੈ ਕਿ ਫਿਲਮ ਵਿਚ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਫਿਲਮ ਇਕ ਵਿਦੇਸ਼ੀ ਕਿਤਾਬ 'ਤੇ ਆਧਾਰਿਤ ਹੈ। ਰਾਣੀ ਦੇ ਵੱਕਾਰ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੋਚਣਾ ਵੀ ਪਾਪ ਹੈ ਕਿ ਮਹਾਰਾਣੀ ਲਕਸ਼ਮੀ ਬਾਈ ਦਾ ਬ੍ਰਿਟਿਸ਼ਮੈਨ ਨਾਲ ਕੋਈ ਅਫੇਅਰ ਰਿਹਾ ਹੋਵੇਗਾ।