ਜਲੰਧਰ (ਬਿਊਰੋ) — ਪੰਜਾਬੀ ਗਾਇਕ ਕੰਵਰ ਗਰੇਵਾਲ ਦਾ ਇਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦਾ ਇਹ ਵੀਡੀਓ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦੌਰ ਦੌਰਾਨ ਦਾ ਹੈ, ਜਿਸ 'ਚ ਉਹ ਕਿਸੇ ਥਾਂ 'ਤੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਸ਼ੁਰੂਆਤੀ ਦੌਰ 'ਚ ਵੀ ਕੰਵਰ ਗਰੇਵਾਲ ਦਾ ਇਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ 'ਚ ਬਹੁਤ ਹੀ ਸਾਦੇ ਅੰਦਾਜ਼ 'ਚ ਆਪਣਾ ਗੀਤ ਪੇਸ਼ ਕਰ ਰਹੇ ਹਨ। ਇਸ ਵੀਡੀਓ 'ਚ ਉਹ ਸਿਰੋਂ ਨੰਗੇ ਹਨ ਅਤੇ ਵਾਲ ਵੀ ਕੱਟੇ ਹੋਏ ਹਨ। ਜਦਕਿ ਹੁਣ ਉਨ੍ਹਾਂ ਦਾ ਅੰਦਾਜ਼ ਤਾਂ ਪਹਿਲਾਂ ਵਾਂਗ ਸਾਦਾ ਹੀ ਹੈ ਪਰ ਉਹ ਦਾੜ੍ਹੀ ਰੱਖਦੇ ਹਨ ਅਤੇ ਸਿਰ 'ਤੇ ਪੱਗ ਬੰਨ੍ਹ ਕੇ ਹੀ ਪਰਫਾਰਮ ਕਰਦੇ ਹਨ। ਉਨ੍ਹਾਂ ਦਾ ਬਾਣਾ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ।
ਦੱਸ ਦਈਏ ਕਿ ਕੰਵਰ ਗਰੇਵਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਖਰੀ ਹੀ ਪਛਾਣ ਬਣਾਈ ਹੋਈ ਹੈ। ਉਨ੍ਹਾਂ ਦੇ ਗੀਤ ਹਰ ਇਕ ਨੂੰ ਮਸਤ ਬਣਾ ਦਿੰਦੇ ਹਨ ਕਿਉਂਕਿ ਉਨ੍ਹਾਂ ਦੇ ਗੀਤਾਂ 'ਚ ਇਸ਼ਕ ਮਿਜਾਜ਼ੀ ਨਾਲ-ਨਾਲ ਇਸ਼ਕ ਹਕੀਕੀ ਦੀ ਗੱਲ ਹੁੰਦੀ ਹੈ। ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਰੱਬ ਦੀ ਇਬਾਦਤ ਕਰਵਾਉਣ ਵਾਲੇ ਇਸ ਫੱਕਰ ਕਲਾਕਾਰ ਦਾ ਜਨਮ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਦੇ ਰਹਿਣ ਵਾਲੇ ਬੇਅੰਤ ਸਿੰਘ ਗਰੇਵਾਲ ਤੇ ਮਾਤਾ ਸ਼੍ਰੀਮਤੀ ਮਨਜੀਤ ਕੌਰ ਦੇ ਘਰ ਹੋਇਆ। ਅੱੈਮ. ਏ. ਦੀ ਪੜ੍ਹਾਈ ਕਰਨ ਤੋਂ ਬਾਅਦ ਕੰਵਰ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ 2 ਸਾਲ ਨੌਕਰੀ ਕੀਤੀ। ਕੰਵਰ ਗਰੇਵਾਲ ਨੇ ਯੂਨੀਵਰਸਿਟੀ 'ਚ ਮਿਊਜ਼ਿਕ ਡਾਇਰੈਕਟਰ ਦੀ ਨੌਕਰੀ ਇਸ ਲਈ ਛੱਡ ਦਿੱਤੀ ਕਿਉਂਕਿ ਉਹ ਦੁਨੀਆ ਦੇ ਝਮੇਲਿਆਂ ਤੋਂ ਦੂਰ ਰਹਿਣਾ ਚਾਹੁੰਦੇ ਸਨ।