ਜਲੰਧਰ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ ਪਿਤਾ ਬਣਨ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਇੰਨ੍ਹੀਂ ਦਿਨੀਂ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਦਾ ਪੂਰਾ ਖਿਆਲ ਰੱਖ ਰਹੇ ਹਨ। ਖਬਰਾਂ ਇਹ ਵੀ ਆ ਰਹੀਆਂ ਹਨ ਕਿ ਉਹ ਦਸੰਬਰ ਤੋਂ ਆਪਣੇ ਸ਼ੋਅ ਤੋਂ ਛੁੱਟੀ ਲੈਣ ਜਾ ਰਹੇ ਹਨ ਅਤੇ ਉਨ੍ਹਾਂ ਨੇ 11 ਦਸੰਬਰ ਤੋਂ ਚੈਨਲ ਤੋਂ ਛੁੱਟੀ ਮੰਗੀ ਹੈ। ਇਸ ਦੌਰਾਨ ਉਹ ਨਵੇਂ ਸਾਲ ਦੀ ਆਮਦ 'ਤੇ ਵੀ ਕਿਸੇ ਨਾਲ ਕੋਈ ਪ੍ਰੋਫੈਸ਼ਨਲੀ ਕਮਿਟਮੈਂਟ ਨਹੀਂ ਕਰ ਰਹੇ ਅਤੇ ਆਪਣਾ ਪੂਰਾ ਸਮਾਂ ਆਪਣੀ ਪਤਨੀ ਅਤੇ ਨਿੱਜੀ ਜ਼ਿੰਦਗੀ 'ਤੇ ਦੇਣਾ ਚਾਹੁੰਦੇ ਹਨ।
ਦੱਸ ਦਈਏ ਕਿ ਕਪਿਲ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਵੀ ਕੀਤਾ ਸੀ ਕਿ ਉਹ ਦਸੰਬਰ 'ਚ ਪਿਤਾ ਬਣਨ ਵਾਲੇ ਹਨ। ਗਿੰਨੀ ਤੇ ਕਪਿਲ ਸ਼ਰਮਾ ਨੇ ਪਿਛਲੇ ਸਾਲ ਦਸੰਬਰ 2018 'ਚ ਵਿਆਹ ਕਰਵਾਇਆ ਸੀ। ਪਤਨੀ ਦੀ ਡਿਲੀਵਰੀ ਤੋਂ ਬਾਅਦ ਕਪਿਲ ਸ਼ਰਮਾ ਸ਼ੋਅ 'ਚ ਜਨਵਰੀ ਦੇ ਪਹਿਲੇ ਹਫਤੇ ਵਾਪਸੀ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਇਕ ਇੰਟਰਵਿਊ ਦੌਰਾਨ ਕਪਿਲ ਸ਼ਰਮਾ ਨੇ ਆਪਣੇ ਘਰ ਆਉਣ ਵਾਲੇ ਮਹਿਮਾਨ ਨੂੰ ਲੈ ਕੇ ਹੋ ਰਹੀਆਂ ਤਿਆਰੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ''ਸੱਚ ਅਖਾਂ ਤਾਂ ਮੈਨੂੰ ਕੁਝ ਨਹੀਂ ਪਤਾ ਕਿ ਕਿਵੇਂ ਅਤੇ ਕੀ ਤਿਆਰੀਆਂ ਕਰਾਂ। ਮੈਨੂੰ ਇਸ ਬਾਰੇ ਕੁਝ ਵੀ ਤਜ਼ਰਬਾ ਨਹੀਂ ਹੈ।
ਮੇਰਾ ਪਰਿਵਾਰ ਆਉਣ ਵਾਲੇ ਨੰਨ੍ਹੇ ਮਹਿਮਾਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਅਸੀਂ ਪਰਿਵਾਰ 'ਚ ਨਵੇਂ ਮੈਂਬਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਮੈਂ ਤੇ ਮੇਰੀ ਪਤਨੀ ਮਿਲ ਕੇ ਆਉਣ ਵਾਲੇ ਮਹਿਮਾਨ ਲਈ ਕਈ ਚੀਜ਼ਾਂ ਖਰੀਦ ਰਹੇ ਹਾਂ। ਸਾਨੂੰ ਇਹ ਨਹੀਂ ਪਤਾ ਕਿ ਆਉਣ ਵਾਲਾ ਮਹਿਮਾਨ ਮੁੰਡਾ ਜਾਂ ਕੁੜੀ ਹੈ। ਇਸ ਲਈ ਅਸੀਂ ਆਮ ਦਿਸਣ ਵਾਲੀਆਂ ਚੀਜ਼ਾਂ ਹੀ ਖਰੀਦ ਰਹੇ ਹਾਂ।' ਅੱਗੇ ਉਨ੍ਹਾਂ ਨੇ ਕਿਹਾ ''ਮੇਰੇ ਲਈ ਇਹ ਸਭ ਤੋਂ ਜ਼ਿਆਦਾ ਖੁਸ਼ੀ ਵਾਲਾ ਦੌਰ ਹੈ।''