ਜਲੰਧਰ (ਬੁਲੰਦ) : 12 ਦਸੰਬਰ ਨੂੰ ਜਲੰਧਰ ਦੇ ਕਲੱਬ ਕਬਾਨਾ 'ਚ ਹੋਣ ਵਾਲਾ ਕਾਮੇਡੀਅਨ ਕਪਿਲ ਸ਼ਰਮਾ-ਗਿੰਨੀ ਚਤਰਥ ਦਾ ਵਿਆਹ ਸਮਾਰੋਹ ਇਸ ਸਮੇਂ ਬੀ-ਟਾਊਨ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਵੱਡਾ ਸੈਲੀਬ੍ਰਿਟੀ ਫੰਕਸ਼ਨ ਬਣ ਚੁੱਕਾ ਹੈ। ਕਪਿਲ-ਗਿੰਨੀ ਦੇ ਵਿਆਹ 'ਤੇ ਪੂਰੇ ਦੇਸ਼-ਵਿਦੇਸ਼ ਦੇ ਮੀਡੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਬੀਤੇ ਮਹੀਨੇ ਬਾਲੀਵੁੱਡ ਦੇ ਦੋ ਵੱਡੇ ਸਟਾਰਜ਼ ਦੀਪਿਕਾ ਪਾਦੂਕੋਣ ਤੇ ਰਣਬੀਰ ਸਿੰਘ ਦੇ ਵਿਆਹ ਲਈ ਖਾਸ ਤੌਰ 'ਤੇ ਵੈਡਿੰਗ ਡੈਸਟੀਨੇਸ਼ਨ ਇਟਾਲੀਅਨ ਲੇਕ ਕੋਂਬੋ ਨੂੰ ਚੁਣਿਆ ਗਿਆ ਸੀ ਤੇ ਉਨ੍ਹਾਂ ਤੋਂ ਬਾਅਦ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੇ ਵਿਆਹ ਲਈ ਖਾਸ ਤੌਰ 'ਤੇ ਰਾਜਸਥਾਨ ਦੇ ਜੋਧਪੁਰ ਦਾ ਉਮੇਦ ਭਵਨ ਵੈਡਿੰਗ ਡੈਸਟੀਨੇਸ਼ਨ ਦੇ ਤੌਰ 'ਤੇ ਚੁਣਿਆ ਗਿਆ ਸੀ। ਕਪਿਲ ਦੇ ਵਿਆਹ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਕਪਿਲ-ਗਿੰਨੀ ਦੇ ਵਿਆਹ ਲਈ ਪੰਜਾਬ 'ਚ ਵੈਡਿੰਗ ਡੈਸਟੀਨੇਸ਼ਨ ਖੰਗਾਲਣ ਦੀ ਲੰਮੀ ਕਵਾਇਦ ਚੱਲੀ। ਸੂਤਰਾਂ ਮੁਤਾਬਕ ਪੰਜਾਬ ਦੇ ਕਈ ਵੱਡੇ ਪੈਲੇਸ, ਰਿਜ਼ੋਰਟਸ ਤੇ ਕਲੱਬਾਂ ਦੀ ਸੂਚੀ ਤਿਆਰ ਕੀਤੀ ਗਈ ਤੇ ਆਖਿਰ ਹਰ ਪੈਮਾਨੇ 'ਤੇ ਪੂਰਾ ਉਤਰਿਆ ਕਲੱਬ ਕਬਾਨਾ। ਕਲੱਬ ਕਬਾਨਾ ਨੂੰ ਕਪਿਲ-ਗਿੰਨੀ ਦੇ ਵਿਆਹ ਲਈ ਇਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ ਕਿ ਕਬਾਨਾ ਦੀਪਿਕਾ-ਰਣਬੀਰ ਦੇ ਇਟਾਲੀਅਨ ਤੇ ਪ੍ਰਿਯੰਕਾ-ਨਿਕ ਦੇ ਜੋਧਪੁਰੀ ਵੈਡਿੰਗ ਡੈਸਟੀਨੇਸ਼ਨ ਨੂੰ ਪੂਰੀ ਟੱਕਰ ਦੇਣ ਲਈ ਤਿਆਰ ਹੈ। ਜਿਹੜਾ ਵੀ ਕਪਿਲ ਦਾ ਵਿਆਹ ਅਟੈਂਡ ਕਰੇਗਾ ਉਹ ਸਾਰੀ ਉਮਰ ਇਸ 'ਪੰਜਾਬੀ ਵੈਡਿੰਗ' ਨੂੰ ਨਹੀਂ ਭੁੱਲ ਸਕੇਗਾ।
ਦੱਸਣਯੋਗ ਹੈ ਕਿ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਤੇ ਗੀਤਾ ਬਸਰਾ ਦਾ ਵਿਆਹ ਵੀ ਕਲੱਬ ਕਬਾਨਾ 'ਚ ਹੋਇਆ ਸੀ ਤੇ ਇਸ ਕਲੱਬ ਕਬਾਨਾ 'ਚ ਸ਼ਾਹਰੁਖ ਖਾਨ ਤੇ ਕੈਟਰੀਨਾ ਕੈਫ ਜਿਹੇ ਵੱਡੇ ਸਿਤਾਰੇ ਵੀ ਆ ਚੁੱਕੇ ਹਨ।
ਫੂਡ ਲਈ ਥਾਈਲੈਂਡ ਤੇ ਯੂ. ਕੇ. ਤੋਂ ਆਉਣਗੇ ਸ਼ੈੱਫ
ਕਲੱਬ ਕਬਾਨਾ ਵਿਚ ਹੋ ਰਹੇ ਕਪਿਲ ਤੇ ਗਿੰਨੀ ਦੇ ਵਿਆਹ ਸਮਾਰੋਹ 'ਚ ਕਈ ਅਜਿਹੀਆਂ ਚੀਜ਼ਾਂ ਸ਼ਾਮਲ ਹੋਣਗੀਆਂ ਜੋ ਇਸ ਵੈਡਿੰਗ ਨੂੰ ਖਾਸ ਬਣਾਉਣਗੀਆਂ ਤੇ ਕਲੱਬ ਕਬਾਨਾ ਨੂੰ ਵੈਡਿੰਗ ਡੈਸਟੀਨੇਸ਼ਨ ਦੇ ਤੌਰ 'ਤੇ ਮਸ਼ਹੂਰ ਕਰਨਗੀਆਂ। ਜਾਣਕਾਰਾਂ ਦੀ ਮੰਨੀਏ ਤਾਂ ਇਸ ਵਿਆਹ ਵਿਚ ਖਾਸ ਤੌਰ 'ਤੇ ਥਾਈਲੈਂਡ ਤੇ ਯੂ. ਕੇ. ਤੋਂ ਸ਼ੈੱਫਸ ਦੀਆਂ ਟੀਮਾਂ ਬੁਲਾਈਆਂ ਜਾ ਰਹੀਆਂ ਹਨ, ਜੋ ਇੰਟਰਨੈਸ਼ਨਲ ਲੈਵਲ ਦਾ ਫੂਡ ਬਣਾਉਣਗੀਆਂ ਤੇ ਇਸ ਨੂੰ ਪਰੋਸਣ ਲਈ ਵੀ ਖਾਸ ਪਲਾਨਿੰਗ ਹੋਵੇਗੀ। ਫੂਡ ਪ੍ਰੈਪਰੇਸ਼ਨ ਤੇ ਸਰਵਿਸ ਲਈ ਦਿੱਲੀ ਤੋਂ ਖਾਸ ਤੌਰ 'ਤੇ ਕਨਵੇਅਰ ਬੈਲਟ ਬਣ ਕੇ ਆ ਰਹੀ ਹੈ, ਜਿਸ ਨਾਲ ਸਾਰੇ ਪੈਲੇਸ ਵਿਚ ਫੂਡ ਇਸ ਬੈਲਟ ਦੇ ਜ਼ਰੀਏ ਖੁਦ ਹੀ ਘੁੰਮਦਾ ਰਹੇਗਾ ਤੇ ਸਰਲ ਹੁੰਦਾ ਰਹੇਗਾ। ਇਸ ਤੋਂ ਇਲਾਵਾ ਕਲੱਬ ਕਬਾਨਾ ਵਿਚ ਬਣਾਏ ਜਾ ਰਹੇ ਬਾਰ ਵਿਚ ਖਾਸ ਤੌਰ 'ਤੇ ਵ੍ਹਿਸਕੀ ਸਰਵ ਕਰਨ ਲਈ ਆਈਸ ਗਲਾਸਿਜ਼ ਉਪਲਬਧ ਕਰਵਾਏ ਜਾਣਗੇ। ਬਰਫ ਨਾਲ ਬਣੇ ਇਨ੍ਹਾਂ ਗਿਲਾਸਾਂ 'ਚ ਵ੍ਹਿਸਕੀ ਅਤੇ ਦੁਨੀਆ ਦੀਆਂ ਮਹਿੰਗੀਆਂ ਸ਼ਰਾਬਾਂ ਸਰਵ ਹੋਣਗੀਆਂ।
ਸਿਹਰਾਬੰਦੀ ਲਈ ਬਣੇਗੀ 200 ਫੁੱਟ ਲੰਬੀ ਟਨਲ
ਜਾਣਕਾਰਾਂ ਦੀ ਮੰਨੀਏ ਤਾਂ ਕਲੱਬ 'ਚ 80 ਹਜ਼ਾਰ ਫੁੱਟ ਏਰੀਆ ਵੈਡਿੰਗ ਲਈ ਡੈਕੋਰੇਟ ਕੀਤਾ ਜਾ ਰਿਹਾ ਹੈ। ਇਸ ਦੇ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਡੈਕੋਰੇਟਰ ਬੁਲਾਏ ਜਾ ਰਹੇ ਹਨ। ਕਲੱਬ 'ਚ ਵਿਆਹ ਦੌਰਾਨ ਸੁਰੱਖਿਆ ਲਈ 250 ਦੇ ਕਰੀਬ ਪ੍ਰਾਈਵੇਟ ਬਾਊਂਸਰ ਲਾਏ ਜਾਣਗੇ। ਵੈਡਿੰਗ ਕਾਰਡ 'ਤੇ ਆਰ. ਆਈ. ਐੱਫ. ਟੀ. ਕੋਡ ਨਾਲ ਹੀ ਕਲੱਬ ਵਿਚ ਐਂਟਰੀ ਮਿਲੇਗੀ। ਇਸ ਤੋਂ ਇਲਾਵਾ ਕਪਿਲ ਦੀ ਸਿਹਰਾਬੰਦੀ ਲਈ ਖਾਸ ਤੌਰ 'ਤੇ ਕਲੱਬ ਕਬਾਨਾ ਵਿਚ 200 ਫੁੱਟ ਲੰਮੀ ਟਨਲ ਬਣਾਈ ਜਾਵੇਗੀ, ਜਿਸ 'ਚ ਸਿਹਰਾਬੰਦੀ ਦੌਰਾਨ ਕਪਿਲ ਦਾ ਖਾਸ ਫੋਟੋ ਵੀਡੀਓ ਸ਼ੂਟ ਹੋਵੇਗਾ। ਵਿਆਹ 'ਚ ਸਪੈਸ਼ਲ ਵੇਟਰ ਹੋਣਗੇ ਜੋ ਖਾਸ ਪਹਿਰਾਵੇ ਵਿਚ ਫੂਡ ਸਰਵ ਕਰਨਗੇ। ਕਲੱਬ ਕਬਾਨਾ ਦੇ ਪ੍ਰਬੰਧਕਾਂ ਦੀ ਮੰਨੀਏ ਤਾਂ ਕਲੱਬ ਕੋਲ 6 ਏਕੜ ਜ਼ਮੀਨ ਪਾਰਕਿੰਗ ਲਈ ਮੌਜੂਦ ਹੈ, ਜਿੱਥੇ 500-600 ਕਾਰਾਂ ਪਾਰਕਿੰਗ ਲਈ ਪਾਰਕ ਕੀਤੀਆਂ ਜਾ ਸਕਦੀਆਂ ਹਨ ਅਤੇ ਇਸ ਲਈ 150 ਵੈਲੇਟ ਪਾਰਕਿੰਗ ਦਾ ਸਟਾਫ ਵੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਕਬਾਨਾ ਗਰੁੱਪ ਵਲੋਂ ਉਨ੍ਹਾਂ ਲੋਕਾਂ ਲਈ ਜੋ ਪ੍ਰਾਈਵੇਟ ਲਗਜ਼ਰੀ ਵਿਲਾ ਦੇ ਸ਼ੌਕੀਨ ਹਨ, ਲਈ ਜਲਦੀ ਹੀ ਕਲੱਬ ਦੇ ਪਿੱਛੇ 5 ਲਗਜ਼ਰੀ ਸੁਇਟਸ ਬਣਾਏ ਜਾ ਰਹੇ ਹਨ। ਹਰ ਸੁਇਟਸ ਵਿਚ 5 ਲਗਜ਼ਰੀ ਵਿਲਾ ਹੋਣਗੇ। ਇਸੇ ਤਰ੍ਹਾਂ ਜਲਦੀ ਹੀ 4 ਲਗਜ਼ਰੀ ਵਿਲਾ ਕਬਾਨਾ ਵਲੋਂ ਲਾਂਚ ਕੀਤੇ ਜਾ ਰਹੇ ਹਨ। ਫਿਲਹਾਲ ਵੇਖਣਾ ਹੋਵੇਗਾ ਕਿ ਕਲੱਬ ਕਬਾਨਾ ਇਟਲੀ ਦੀ ਲੇਕ ਕੋਂਬੋ ਅਤੇ ਜੋਧਪੁਰ ਦੇ ਉਮੇਦ ਭਵਨ ਨੂੰ ਕਿੰਨੀ ਟੱਕਰ ਦੇ ਪਾਉਂਦਾ ਹੈ।