ਜਲੰਧਰ (ਬਿਊਰੋ) — 'ਦਿ ਕਪਿਲ ਸ਼ਰਮਾ ਸ਼ੋਅ' ਦੇ ਦੂਜੇ ਸੀਜ਼ਨ ਦੀ ਸ਼ੁਰੂਆਤ ਨਾਲ ਹੀ ਕਪਿਲ ਸ਼ਰਮਾ ਟੀ. ਆਰ. ਪੀ. ਚਾਰਟ 'ਤੇ ਕਬਜ਼ਾ ਕਰ ਲਿਆ ਹੈ। ਮਸਤੀ ਨਾਲ ਭਰੇ ਇਸ ਸ਼ੋਅ 'ਚ ਇਸ ਵੀਕਐਂਡ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਉਸ ਦੀ ਭੈਣ ਨਜ਼ਰ ਆਉਣਗੀਆਂ। ਦੋਵੇਂ ਭੈਣਾਂ ਤੇ ਕਪਿਲ ਸ਼ਰਮਾ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨਗੇ। ਹਾਲ ਹੀ 'ਚ ਰਿਲੀਜ਼ ਹੋਏ ਸ਼ੋਅ ਦੇ ਟੀਜ਼ਰ 'ਚ ਕਪਿਲ ਨੇ ਸਾਨੀਆ ਨੂੰ ਕਿਹਾ ਕਿ, ਤੁਹਾਡੀ ਵਜ੍ਹਾ ਕਰਕੇ ਉਸ ਨੇ ਟੈਨਿਸ ਦੇਖਣਾ ਸ਼ੁਰੂ ਕੀਤਾ ਸੀ। ਉਸੇ ਵੇਲੇ ਸਾਨੀਆ ਕਪਿਲ ਨੂੰ ਯਾਦ ਕਰਾਉਂਦੀ ਹੈ ਕਿ ਹੁਣੇ-ਹੁਣੇ ਉਸ (ਕਪਿਲ) ਦਾ ਵਿਆਹ ਹੋਇਆ ਹੈ। ਇੰਨਾ ਹੀ ਨਹੀਂ, ਸਾਨੀਆ ਨੇ ਕਪਿਲ ਨੂੰ ਕਿਹਾ ਕਿ ਕੀ ਉਹ ਆਪਣੀ ਪਤਨੀ ਤੋਂ ਕੁੱਟ ਖਾਣੀ ਚਾਹੁੰਦਾ ਹੈ?
ਇਸ ਦੇ ਬਾਅਦ ਸਾਨੀਆ ਦਰਸ਼ਕਾਂ ਨੂੰ ਦੱਸਦੀ ਹੈ ਕਿ ਕਪਿਲ ਨੂੰ ਹਮੇਸ਼ਾ ਅੰਗਰੇਜ਼ੀ ਤੋਂ ਪ੍ਰੇਸ਼ਾਨੀ ਰਹੀ ਹੈ। ਇਸ 'ਤੇ ਕਪਿਲ ਨੇ ਕਿਹਾ ਕਿ ਉਸ ਨੂੰ ਅੰਗਰੇਜ਼ੀ ਪਸੰਦ ਨਹੀਂ। ਉਸੇ ਵੇਲੇ ਸਾਨੀਆ ਨੇ ਕਿਹਾ ਕਿ ਅਸਲ ਵਿੱਚ ਅੰਗਰੇਜ਼ੀ ਹੀ ਕਪਿਲ ਨੂੰ ਪਸੰਦ ਨਹੀਂ ਕਰਦੀ। ਕੁਝ ਦਿਨ ਪਹਿਲਾਂ ਸ਼ੋਅ ਦੇ ਸੈਟ ਤੋਂ ਇਸੇ ਕੜੀ ਦਾ 'ਬੈਕ ਦਿ ਸਕ੍ਰੀਨ' ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਸਾਨੀਆ ਆਪਣੀ ਭੈਣ ਨਾਲ ਨਜ਼ਰ ਆ ਰਹੀ ਸੀ।