ਜਲੰਧਰ (ਬਿਊਰੋ) — ਮਸ਼ਹੂਰ ਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ 10 ਦਸੰਬਰ 2019 ਨੂੰ ਪਿਤਾ ਬਣੇ ਸਨ। ਕਪਿਲ ਦੀ ਪਤਨੀ ਗਿੰਨੀ ਚਤਰਥ ਨੇ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਸੀ। ਕਰੀਬ ਮਹੀਨੇ ਬਾਅਦ ਕਪਿਲ ਸ਼ਰਮਾ ਦੀ ਬੇਟੀ ਦੀ ਤਸਵੀਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਚ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਤੇ ਦਰਸ਼ਕ ਕਪਿਲ ਤੇ ਗਿੰਨੀ ਨੂੰ ਵਧਾਈਆਂ ਦੇ ਰਹੇ ਹਨ ਅਤੇ ਉਨ੍ਹਾਂ ਦੀ ਧੀ ਲਈ ਸ਼ੁੱਭਕਾਮਨਾਵਾਂ।

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਕਪਿਲ ਨੇ ਆਪਣੀ ਨੰਨ੍ਹੀ ਪਰੀ ਨੂੰ ਗੋਦੀ 'ਚ ਚੁੱਕਿਆ ਹੋਇਆ ਹੈ ਅਤੇ ਉਨ੍ਹਾਂ ਦੀ ਧੀ ਲਗਾਤਾਰ ਉਨ੍ਹਾਂ ਦੇ ਮੂੰਹ ਵੱਲ ਦੇਖ ਰਹੀ ਹੈ। ਬੇਟੀ ਦਾ ਪਿਤਾ ਬਣਨ ਦੀ ਖੁਸ਼ੀ ਕਪਿਲ ਸ਼ਰਮਾ ਦੇ ਚਿਹਰੇ 'ਤੇ ਸਾਫ ਝਲਕ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਕਪਿਲ ਕਾਫੀ ਭਾਵੁਕ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਕਪਿਲ ਸ਼ਰਮਾ ਨੇ 12 ਦਸੰਬਰ 2018 ਨੂੰ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਪਿਲ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ। ਵਰਕਫਰੰਟ ਦੀ ਗੱਲ ਕਰੀਏ ਤਾਂ ਕਪਿਲ ਸ਼ਰਮਾ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਰੁੱਝੇ ਹਨ। ਉਨ੍ਹਾਂ ਦੇ ਸ਼ੋਅ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।