ਜਲੰਧਰ (ਬਿਊਰੋ) — ਪੰਜਾਬੀ ਇੰਡਸਟਰੀ 'ਚ ਗੀਤਾਂ ਦੀ ਮਸ਼ੀਨ ਆਖੇ ਜਾਣ ਵਾਲੇ ਗਾਇਕ ਅਤੇ ਗੀਤਕਾਰ ਕਰਨ ਔਜਲਾ ਜਿੰਨ੍ਹਾਂ ਨੇ ਗੀਤਕਾਰੀ ਨਾਲ ਆਪਣਾ ਸਫਰ ਸ਼ੁਰੂ ਕੀਤਾ ਅਤੇ ਬਾਅਦ 'ਚ ਗਾਇਕ ਦੇ ਤੌਰ 'ਤੇ ਵੀ ਚੰਗਾ ਨਾਮਣਾ ਖੱਟਿਆ ਹੈ। ਕਰਨ ਔਜਲਾ ਨੇ ਸ਼ੋਸ਼ਲ ਮੀਡੀਆ 'ਤੇ ਬਚਪਨ ਦੀ ਇਕ ਤਸਵੀਰ ਸਾਂਝੀ ਕਰ ਆਪਣੇ ਮਾਤਾ-ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਸੰਦੇਸ਼ ਦਿੱਤਾ ਹੈ। ਕਰਨ ਔਜਲਾ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ''ਖਿਆਲ ਰੱਖੀਂ ਤੂੰ ਕਾਕਾ ਜਾਂਦਾ ਬਾਪੂ ਕਹਿ ਗਿਆ, ਮਾਂ ਮੇਰੀ ਨੂੰ ਫੋਟੋ ਦੇ 'ਚ ਦੇਖਣ ਜੋਗਾ ਰਹਿ ਗਿਆ।''
ਦੱਸ ਦਈਏ ਕਿ ਛੋਟੀ ਉਮਰੇ ਮਾਤਾ-ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਤੋਂ ਬਾਅਦ ਉਨ੍ਹਾਂ ਆਪਣੇ ਦਮ 'ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਬਾਰਵੀਂ ਤੋਂ ਬਾਅਦ ਅੱਗੇ ਦੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਗਏ ਕਰਨ ਔਜਲਾ ਨੇ ਉੱਥੋਂ ਹੀ ਗਾਇਕੀ ਅਤੇ ਗੀਤਕਾਰੀ ਦੀਆਂ ਮੰਜ਼ਿਲਾਂ ਨੂੰ ਸਰ ਕੀਤਾ ਹੈ ਤੇ ਅੱਜ ਉਨ੍ਹਾਂ ਦਾ ਨਾਮ ਹਿੱਟ ਪੰਜਾਬੀ ਗਾਇਕਾਂ ਦੀ ਕਤਾਰ 'ਚ ਮੂਹਰਲੇ ਸਥਾਨ 'ਤੇ ਆਉਂਦਾ ਹੈ।