ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਨੇ ਸੋਮਵਾਰ ਨੂੰ 48 ਸਾਲ ਦੇ ਹੋਏ ਨਿਰਮਾਤਾ ਤੇ ਨਿਰਦੇਸ਼ਕ ਕਰਨ ਜੌਹਰ ਦੇ ਘਰ ਵੀ ਦਸਤਕ ਦੇ ਦਿੱਤੀ ਹੈ। ਉਨ੍ਹਾਂ ਦੇ ਘਰ 'ਚ ਕੰਮ ਕਰਨ ਵਾਲੇ ਦੋ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਬੀ. ਐੱਮ. ਸੀ. ਨੇ ਉਨ੍ਹਾਂ ਦੇ ਘਰ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਰੋਗਾਣੂ ਮੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਰਨ ਜੌਹਰ ਨੇ ਖੁਦ ਇਸ ਮਾਮਲੇ ਦੀ ਜਾਣਕਾਰੀ ਜਨਤਕ ਕਰਦਿਆਂ ਕਿਹਾ, ''ਜਿਵੇਂ ਹੀ ਮੈਨੂੰ ਇਨ੍ਹਾਂ ਲੋਕਾਂ 'ਚ ਕੋਰੋਨਾ ਦੇ ਲੱਛਣ ਦਿਸਣ ਲੱਗੇ ਤਾਂ ਮੈਂ ਇਨ੍ਹਾਂ ਦੋਵਾਂ ਨੂੰ ਇਮਾਰਤ 'ਚ ਬਣੇ ਕੁਆਰੰਟੀਨ ਸੈਂਟਰ 'ਚ ਵੱਖ ਕਰ ਦਿੱਤਾ। ਇਮਾਰਤ 'ਚ ਇਸ ਤੋਂ ਬਾਅਦ ਧੂੰਆਂ ਛੱਡਿਆ ਗਿਆ ਅਤੇ ਬੀ. ਐੱਮ. ਸੀ. ਕਾਮਿਆਂ ਨੇ ਇਸ ਨੂੰ ਵਾਇਰਸ ਮੁਕਤ ਕਰਨ ਦੀ ਬਾਕੀ ਕਾਰਵਾਈ ਵੀ ਸ਼ੁਰੂ ਕੀਤੀ ਹੈ।

ਧਰਮ ਪ੍ਰੋਡਕਸ਼ਨ ਦੇ ਮਾਲਕ ਕਰਨ ਜੌਹਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਘਰ ਦੇ ਬਾਕੀ ਲੋਕ ਸਿਹਤਮੰਦ ਤੇ ਸੁਰੱਖਿਅਤ ਹਨ। ਪਰਿਵਾਰ ਦੇ ਸਾਰੇ ਲੋਕਾਂ ਨੇ ਸਵੇਰੇ ਹੀ ਆਪਣੇ ਟੈਸਟ ਕਰਵਾਏ ਸਨ, ਜਿਨ੍ਹਾਂ ਦੇ ਨਤੀਜੇ ਨਕਾਰਾਤਮਕ ਆਏ। ਇਸ ਦੇ ਬਾਵਜੂਦ ਕਰਨ ਜੌਹਰ ਨੇ ਕਿਹਾ ਕਿ ਮੇਰੇ ਪਰਿਵਾਰ ਦੇ ਸਾਰੇ ਮੈਂਬਰ 14 ਦਿਨ ਤੱਕ ਸੈਲਫ ਕੁਆਰੰਟੀ 'ਚ ਰਹਿਣਗੇ। ਇਸ ਤੋਂ ਪਹਿਲਾਂ ਨਿਰਮਾਤਾ ਬੋਨੀ ਕਪੂਰ ਦੇ ਘਰ 'ਚ ਕੰਮ ਕਰਨ ਵਾਲੇ ਤਿੰਨ ਕਾਮਿਆਂ ਨੂੰ ਕੋਰੋਨਾ ਵਾਇਰਸ ਹੋਇਆ ਹੈ।
ਦੱਸਣਯੋਗ ਹੈ ਕਿ ਕਰਨ ਜੌਹਰ ਨੇ ਹਾਲ ਹੀ 'ਚ ਆਪਣਾ 48ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਦੇ ਪ੍ਰਸ਼ੰਸਕ ਤੇ ਬਾਲੀਵੁੱਡ ਕਲਾਕਾਰਾਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਸਨ।