ਮੁੰਬਈ (ਬਿਊਰੋ)— ਕਾਫੀ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਆਪਣੀ ਸਹਿ-ਅਭਿਨੇਤਰੀ ਨੁਸਰਤ ਭਰੂਚਾ ਨੂੰ ਡੇਟ ਕਰ ਰਹੇ ਹਨ। ਆਖਿਰਕਾਰ ਹੁਣ ਆਰੀਅਨ ਨੇ ਇਸ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਕਾਰਤਿਕ ਨੇ ਕਿਹਾ ਹੈ ਕਿ ਨੁਸਰਤ ਨਾਲ ਉਨ੍ਹਾਂ ਦਾ 'ਅਦਭੁੱਤ ਰਿਸ਼ਤਾ' ਹੈ ਪਰ ਦੋਵਾਂ ਵਿਚਾਲੇ ਪਿਆਰ ਵਰਗਾ ਕੁਝ ਨਹੀਂ ਹੈ। ਦੱਸਣਯੋਗ ਹੈ ਕਿ ਨੁਸਰਤ ਨੇ ਕਾਰਤਿਕ ਨਾਲ 'ਪਿਆਰ ਕਾ ਪੰਚਨਾਮਾ' ਤੇ 'ਸੋਨੂੰ ਕੇ ਟੀਟੂ ਕੀ ਸਵੀਟੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਕਾਰਤਿਕ ਤੇ ਨੁਸਰਤ ਦੋਵਾਂ ਨੇ ਇਕੱਠਿਆਂ ਚਾਰ ਫਿਲਮਾਂ 'ਚ ਕੰਮ ਕੀਤਾ ਹੈ। 'ਸੋਨੂੰ ਕੇ ਟੀਟੂ ਕੀ ਸਵੀਟੀ' 'ਚ ਦੋਵਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ 73 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਕਾਰਤਿਕ ਨੇ ਇਹ ਸਫਾਈ ਉਦੋਂ ਦਿੱਤੀ, ਜਦੋਂ ਉਹ ਵੀਰਵਾਰ ਨੂੰ ਹੈਲਥ ਐਂਡ ਨਿਊਟ੍ਰੀਸ਼ੀਅਨ ਦੇ ਮਾਰਚ ਐਡੀਸ਼ਨ ਦੇ ਕਵਰ ਲਾਂਚ ਮੌਕੇ ਮੌਜੂਦ ਸਨ। ਨੁਸਰਤ ਨਾਲ ਆਪਣੇ ਰਿਲੇਸ਼ਨ ਦੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਕਾਰਤਿਕ ਨੇ ਕਿਹਾ, 'ਨੁਸਰਤ ਨਾਲ ਮੇਰਾ ਅਦਭੁੱਤ ਰਿਸ਼ਤਾ ਹੈ ਪਰ ਪਿਆਰ ਵਰਗਾ ਕੁਝ ਨਹੀਂ ਹੈ।' ਉਨ੍ਹਾਂ ਕਿਹਾ, 'ਸਾਡਾ ਦੋਸਤੀ ਦਾ ਰਿਸ਼ਤਾ ਹੈ। ਅਸੀਂ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਾਂ। ਹਮੇਸ਼ਾ ਇਕ ਅਜਿਹੇ ਕਲਾਕਾਰ ਨਾਲ ਪੇਸ਼ਕਾਰੀ ਦੇਣਾ ਵਧੀਆ ਹੁੰਦਾ ਹੈ ਤੇ ਤੁਹਾਨੂੰ ਬਿਹਤਰ ਕਰਨ ਲਈ ਪ੍ਰੇਰਿਤ ਕਰਦਾ ਹੈ।'