FacebookTwitterg+Mail

ਕੀ 'ਕੇਸਰੀ' ਰਾਹੀਂ ਬਾਲੀਵੁੱਡ 'ਚ ਚਮਕੇਗਾ ਅਨੁਰਾਗ ਸਿੰਘ ਦਾ ਸਿਤਾਰਾ?

kesari by anurag singh
05 January, 2018 10:32:36 PM

ਜਲੰਧਰ (ਰਾਹੁਲ ਸਿੰਘ)— ਸਾਰਾਗੜ੍ਹੀ ਦੀ ਜੰਗ 'ਤੇ ਕਰਨ ਜੌਹਰ ਵਲੋਂ ਫਿਲਮ ਬਣਾਈ ਜਾ ਰਹੀ ਹੈ, ਜਿਸ ਦਾ ਨਾਂ ਹੈ 'ਕੇਸਰੀ'। ਇਸ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਪ੍ਰਸਿੱਧ ਪੰਜਾਬੀ ਫਿਲਮ ਡਾਇਰੈਕਟਰ ਅਨੁਰਾਗ ਸਿੰਘ ਦੇ ਮੋਢਿਆਂ 'ਤੇ ਪਾਈ ਗਈ ਹੈ। ਉਂਝ ਤੁਹਾਨੂੰ ਦੱਸ ਦੇਈਏ ਕਿ ਅਨੁਰਾਗ ਸਿੰਘ ਦੀ ਇਹ ਪਹਿਲੀ ਬਾਲੀਵੁੱਡ ਫਿਲਮ ਨਹੀਂ ਹੈ। ਇਸ ਤੋਂ ਪਹਿਲਾਂ ਅਨੁਰਾਗ ਜਿੰਮੀ ਸ਼ੇਰਗਿੱਲ ਤੇ ਤਨੁਸ਼ਰੀ ਦੱਤਾ ਸਟਾਰਰ ਫਿਲਮ 'ਰਕੀਬ' ਤੇ ਰਾਣੀ ਮੁਖਰਜੀ ਤੇ ਸ਼ਾਹਿਦ ਕਪੂਰ ਸਟਾਰਰ ਫਿਲਮ 'ਦਿਲ ਬੋਲੇ ਹੜਿੱਪਾ' ਦਾ ਨਿਰਦੇਸ਼ਨ ਕਰ ਚੁੱਕੇ ਹਨ। ਦੁੱਖ ਦੀ ਗੱਲ ਇਹ ਹੈ ਕਿ ਅਨੁਰਾਗ ਸਿੰਘ ਦੀਆਂ ਇਹ ਦੋਵੇਂ ਫਿਲਮਾਂ ਸਿਨੇਮਾਘਰਾਂ 'ਚ ਦਰਸ਼ਕ ਇਕੱਠੇ ਕਰਨ 'ਚ ਨਕਾਮ ਰਹੀਆਂ ਸਨ। 'ਦਿਲ ਬੋਲੇ ਹੜਿੱਪਾ' ਤਾਂ ਯਸ਼ਰਾਜ ਫਿਲਮਜ਼ ਦੇ ਬੈਨਰ ਦੀ ਸਭ ਤੋਂ ਫਲਾਪ ਫਿਲਮ ਸਾਬਿਤ ਹੋਈ ਸੀ।
ਇਹ ਕਹਿਣਾ ਵੀ ਗਲਤ ਹੋਵੇਗਾ ਕਿ ਇਨ੍ਹਾਂ ਦੇ ਫਲਾਪ ਹੋਣ ਪਿੱਛੇ ਅਨੁਰਾਗ ਸਿੰਘ ਦਾ ਹੱਥ ਹੈ। ਕਿਸੇ ਵੀ ਫਿਲਮ ਦੇ ਹਿੱਟ ਜਾਂ ਫਲਾਪ ਹੋਣ ਪਿੱਛੇ ਪੂਰੀ ਟੀਮ ਦਾ ਹੀ ਹੱਥ ਹੁੰਦਾ ਹੈ। ਉਂਝ ਅਨੁਰਾਗ ਦੀਆਂ ਪੰਜਾਬੀ ਫਿਲਮਾਂ ਬਾਕਸ ਆਫਿਸ 'ਤੇ ਭਰਪੂਰ ਧਮਾਲ ਮਚਾਉਂਦੀਆਂ ਹਨ ਤੇ ਕੁਝ ਤਾਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ ਵੀ ਬਣੀਆਂ ਹਨ।
'ਕੇਸਰੀ' ਦੀ ਜੇਕਰ ਟੀਮ ਦੀ ਗੱਲ ਕਰੀਏ ਤਾਂ ਫਿਲਮ 'ਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਹੜੇ ਬਾਲੀਵੁੱਡ ਦੀ ਹਿੱਟ ਮਸ਼ੀਨ ਮੰਨੇ ਜਾਂਦੇ ਹਨ। ਅਕਸ਼ੇ ਜੇਕਰ ਕਿਸੇ ਫਿਲਮ 'ਚ ਛੋਟੀ ਜਿਹੀ ਭੂਮਿਕਾ ਵੀ ਨਿਭਾਉਣ ਤਾਂ ਉਹ ਸੁਰਖੀਆਂ 'ਚ ਆ ਜਾਂਦੀ ਹੈ। ਇਸ ਫਿਲਮ ਨਾਲ ਪਹਿਲਾਂ ਸਲਮਾਨ ਖਾਨ ਵੀ ਜੁੜੇ ਸਨ ਪਰ ਕਿਸੇ ਕਾਰਨ ਕਰਕੇ ਉਨ੍ਹਾਂ ਨੇ ਇਸ ਫਿਲਮ ਤੋਂ ਕਿਨਾਰਾ ਕਰ ਲਿਆ। ਅਕਸ਼ੇ ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਦੇ ਨਾਲ-ਨਾਲ ਕਰਨ ਜੌਹਰ ਦੀ ਪ੍ਰੋਡਕਸ਼ਨ ਕੰਪਨੀ ਧਰਮਾ ਪ੍ਰੋਡਕਸ਼ਨਜ਼ ਨਾਲ ਇਸ ਨੂੰ ਕੋ-ਪ੍ਰੋਡਿਊਸ ਵੀ ਕਰ ਰਹੇ ਹਨ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਅਕਸ਼ੇ ਬਾਕੀ ਕਲਾਕਾਰਾਂ ਵਾਂਗ ਇਕੋ ਟਰੈਕ ਵਾਲੀਆਂ ਫਿਲਮਾਂ ਨਹੀਂ, ਸਗੋਂ ਲੀਕ ਤੋਂ ਹੱਟ ਕੇ ਫਿਲਮਾਂ ਕਰਨ ਦਾ ਚੰਗਾ ਤਜਰਬਾ ਰੱਖਦੇ ਹਨ। ਪਿਛਲੇ ਕੁਝ ਸਾਲਾਂ 'ਚ ਅਕਸ਼ੇ ਨੇ ਬਾਕਮਾਲ ਲੀਕ ਤੋਂ ਹੱਟ ਕੇ ਫਿਲਮਾਂ ਕੀਤੀਆਂ ਹਨ ਤੇ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਅਕਸ਼ੇ ਦੀ ਫਿਲਮ 'ਪੈਡਮੈਨ' ਵੀ ਇਸੇ ਲਿਸਟ 'ਚ ਸ਼ਾਮਲ ਹੈ।
ਦੱਸਣਯੋਗ ਹੈ ਕਿ ਸਾਰਾਗੜ੍ਹੀ ਦੀ ਜੰਗ 'ਤੇ ਬਣ ਰਹੀ ਇਹ ਕੋਈ ਪਹਿਲੀ ਬਾਲੀਵੁੱਡ ਫਿਲਮ ਨਹੀਂ ਹੈ। ਇਸ ਤੋਂ ਪਹਿਲਾਂ ਅਜੇ ਦੇਵਗਨ 'ਸੰਨ ਆਫ ਸਰਦਾਰ : ਦਿ ਬੈਟਲ ਆਫ ਸਾਰਾਗੜ੍ਹੀ' ਤੇ ਰਣਦੀਪ ਹੁੱਡਾ 'ਦਿ ਬੈਟਲ ਆਫ ਸਾਰਾਗੜ੍ਹੀ' ਨਾਂ ਦੀਆਂ ਬਾਲੀਵੁੱਡ ਫਿਲਮਾਂ ਬਣਾ ਰਹੇ ਹਨ। ਹਾਲਾਂਕਿ ਇਨ੍ਹਾਂ ਫਿਲਮਾਂ ਦਾ ਐਲਾਨ ਤਾਂ ਕਾਫੀ ਸਮੇਂ ਪਹਿਲਾਂ ਕਰ ਦਿੱਤਾ ਗਿਆ ਸੀ ਪਰ ਦੋਵਾਂ 'ਚੋਂ ਕੋਈ ਵੀ ਅਦਾਕਾਰ ਆਪਣੀ ਇਸ ਫਿਲਮ ਨੂੰ ਰਿਲੀਜ਼ ਨਹੀਂ ਕਰ ਸਕਿਆ ਹੈ। ਹੁਣ ਅਕਸ਼ੇ ਦੀ 'ਕੇਸਰੀ' ਦੀ ਇਸ ਲਿਸਟ 'ਚ ਜੁੜ ਚੁੱਕੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਸਭ ਤੋਂ ਪਹਿਲਾਂ ਅਕਸ਼ੇ ਦੀ ਫਿਲਮ ਹੀ ਰਿਲੀਜ਼ ਹੋਵੇਗੀ ਕਿਉਂਕਿ ਅਕਸ਼ੇ ਘੱਟ ਸਮੇਂ 'ਚ ਫਿਲਮ ਪੂਰੀ ਕਰਨ 'ਚ ਯਕੀਨ ਰੱਖਦੇ ਹਨ।

ਕੀ ਹੈ ਸਾਰਾਗੜ੍ਹੀ ਦੀ ਜੰਗ ਦਾ ਇਤਿਹਾਸ?
12 ਅਕਤੂਬਰ 1897 ਦੇ ਦਿਨ ਲੜੀ ਗਈ ਸਾਰਾਗੜ੍ਹੀ ਦੀ ਜੰਗ ਅੱਜ ਦੁਨੀਆ ਭਰ ਦੇ ਆਰਮੀ ਅਫਸਰਾਂ ਨੂੰ ਟਰੇਨਿੰਗ ਦੌਰਾਨ ਪੜ੍ਹਾਈ ਜਾਂਦੀ ਹੈ। ਇਸ ਦਿਨ 36ਵੀਂ ਸਿੱਖ ਬਟਾਲੀਅਨ ਦੇ 21 ਜਵਾਨਾਂ ਨੇ 10 ਹਜ਼ਾਰ ਅਫਗਾਨੀਆਂ ਦੇ ਦੰਦ ਖੱਟੇ ਕਰ ਦਿੱਤੇ ਸਨ। ਅਕਸ਼ੇ ਕੁਮਾਰ ਦੀ ਨਵੀਂ ਫਿਲਮ 'ਕੇਸਰੀ' ਇਸੇ 'ਤੇ ਆਧਾਰਿਤ ਹੈ। ਫਿਲਮ 'ਚ ਅਕਸ਼ੇ ਹੌਲਦਾਰ ਈਸ਼ਰ ਸਿੰਘ ਦੀ ਭੂਮਿਕਾ 'ਚ ਨਜ਼ਰ ਆਉਣਗੇ।


Tags: Kesari Anurag Singh Akshay Kumar Saragarhi Ajay Devgn Randeep Hooda Karan Johar