ਮੁੰਬਈ (ਬਿਊਰੋ)— ਬਾਲੀਵੁਡ ਅਦਾਕਾਰਾ ਕਿਰਨ ਖੇਰ ਦਾ ਜਨਮ 14 ਜੂਨ 1955 ਨੂੰ ਪੰਜਾਬ ਦੇ ਚੰਡੀਗੜ ਵਿਚ ਇਕ ਸਿੱਖ ਪਰਿਵਾਰ ਵਿਚ ਹੋਇਆ ਸੀ। ਕਿਰਨ ਖੇਰ ਫਿਲਮਾਂ ਦੇ ਇਲਾਵਾ ਟੀ. ਵੀ. ਰਿਐਲਿਟੀ ਸ਼ੋਅ ਦੇ ਜੱਜ ਦੇ ਰੂਪ ਵਿਚ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਕਰੀਬ 34 ਤੋਂ ਜ਼ਿਆਦਾ ਫਿਲਮਾਂ 'ਚ ਅਭਿਨਏ ਕੀਤਾ ਹੈ। ਕਿਰਨ ਖੇਰ ਨੇ ਐਕਟਰ ਅਨੁਪਮ ਖੇਰ ਨਾਲ ਦੂਜਾ ਵਿਆਹ ਕੀਤਾ ਹੈ। ਆਓ ਜਾਣਦੇ ਹਾਂ ਕਿਰਨ ਖੇਰ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ। ਕਿਰਨ ਖੇਰ ਅਤੇ ਅਨੁਪਮ ਖੇਰ ਦੀ ਪਹਿਲੀ ਮੁਲਾਕਾਤ ਚੰਡੀਗੜ ਵਿਚ ਹੀ ਹੋਈ ਸੀ. ਦੋਵੇਂ ਪਹਿਲਾਂ ਇਕ ਹੀ ਥਿਏਟਰ ਵਿਚ ਕੰਮ ਕਰਦੇ ਸਨ। ਕੰਮ ਦੌਰਾਨ ਹੀ ਪਹਿਲਾਂ ਦੋਵੇਂ ਚੰਗੇ ਦੋਸਤ ਬਣੇ ਫਿਰ ਇਹ ਦੋਸਤੀ ਪਿਆਰ ਵਿਚ ਬਦਲ ਗਈ। ਹਾਲਾਂਕਿ ਸ਼ੁਰੂਆਤ ਵਿਚ ਦੋਵਾਂ ਨੂੰ ਇਹ ਅਹਿਸਾਸ ਹੀ ਨਾ ਹੋਇਆ ਕਿ ਉਨ੍ਹਾਂ ਦੀ ਇਹ ਦੋਸਤੀ ਪਿਆਰ ਵਿਚ ਬਦਲ ਗਈ ਹੈ। ਕਿਰਨ ਖੇਰ ਸਾਲ 1980 ਵਿਚ ਫਿਲਮਾਂ ਵਿਚ ਕੰਮ ਲੱਭਣ ਲਈ ਮੁੰਬਈ ਪਹੁੰਚੀ। ਉਸੇ ਦੌਰਾਨ ਕਿਰਨ ਨੂੰ ਇਕ ਵੱਡੇ ਬਿਜਨੈੱਸਮੈਨ ਗੌਤਮ ਬੇਰੀ ਨਾਲ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰ ਲਿਆ। ਕੁਝ ਸਾਲਾਂ ਬਾਅਦ ਹੀ ਕਿਰਨ ਨੇ ਬੇਟੇ ਸਿਕੰਦਰ ਨੂੰ ਜਨਮ ਦਿੱਤਾ। ਜਲਦ ਹੀ ਗੌਤਮ ਅਤੇ ਕਿਰਨ ਨੂੰ ਅਜਿਹਾ ਲੱਗਣ ਲੱਗਾ ਕਿ ਦੋਵਾਂ ਦੇ ਰਿਸ਼ਤੇ ਵਿਚ ਸਭ ਕੁਝ ਠੀਕ ਨਹੀਂ ਹੈ। ਕਿਰਨ ਅਤੇ ਗੌਤਮ ਵਿਚਕਾਰ ਜੋ ਕੁਝ ਸੀ ਜੋ ਉਨ੍ਹਾਂ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਅਤੇ ਦੋਵੇਂ ਹੀ ਇਸ ਰਿਸ਼ਤੇ 'ਚੋਂ ਨਿਕਲਨਾ ਚਾਹੁੰਦੇ ਸਨ। ਉਥੇ ਹੀ ਅਨੁਪਮ ਖੇਰ ਨੇ ਪਰਿਵਾਰ ਦੇ ਕਹਿਣ 'ਤੇ 1979 ਵਿਚ ਮਧੁਮਾਲਤੀ ਨਾਮ ਦੀ ਲੜਕੀ ਨਾਲ ਵਿਆਹ ਕੀਤਾ ਪਰ ਉਹ ਦੋਵੇਂ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਤੋਂ ਖੁਸ਼ ਨਹੀਂ ਸਨ। ਕਿਰਨ-ਅਨੁਪਮ ਨੇ ਥਿਏਟਰ ਕਰਨਾ ਨਾ ਛੱਡਿਆ ਸੀ। ਜਦੋਂ ਨਾਦਿਰਾ ਬੱਬਰ ਦੇ ਪਲੇ ਲਈ ਦੋਵੇਂ ਕੋਲਕਾਤਾ ਗਏ ਤਾਂ ਉੱਥੇ ਇਨ੍ਹਾਂ ਦੀ ਫਿਰ ਮੁਲਾਕਾਤ ਹੋਈ। ਪਲੇ ਖਤਮ ਹੋਣ ਤੋਂ ਬਾਅਦ ਦੋਨਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਵਿਚਕਾਰ ਕੁਝ ਹੈ। ਅਗਲੀ ਮੁਲਾਕਾਤ ਵਿਚ ਅਨੁਪਮ ਨੇ ਕਿਰਨ ਨੂੰ ਪ੍ਰਪੋਜ਼ ਕਰ ਦਿੱਤਾ। ਇਕ ਇੰਟਰਵਿਊ ਵਿਚ ਅਨੁਪਮ ਦੇ ਪ੍ਰਪੋਜ਼ਲ ਦੀ ਕਹਾਣੀ ਬਾਰੇ ਕਿਰਨ ਨੇ ਦੱਸਿਆ ਸੀ ਕਿ ਪਹਿਲਾਂ ਤਾਂ ਮੈਨੂੰ ਇਹ ਸਭ ਮਜ਼ਾਕ ਲੱਗਾ। ਮੈਨੂੰ ਲੱਗਾ ਜਿਵੇਂ ਅਨੁਪਮ ਬਾਕੀ ਲੜਕੀਆਂ ਨਾਲ ਮਜ਼ਾਕ ਮਸਤੀ ਕਰਦੇ ਹਨ ਉਂਝ ਹੀ ਮੇਰੇ ਨਾਲ ਕਰ ਰਹੇ ਹਨ ਪਰ ਬਾਅਦ ਵਿਚ ਅਹਿਸਾਸ ਹੋਇਆ ਕਿ ਅਨੁਪਮ ਸੀਰੀਅਸ ਸਨ। ਇਸ ਤੋਂ ਬਾਅਦ ਦੋਵੇਂ ਅਕਸਰ ਮਿਲਣ ਲੱਗੇ। ਫਿਰ ਦੋਵਾਂ ਨੇ ਆਪਣੇ ਪਾਰਟਨਰ ਨੂੰ ਤਲਾਕ ਦੇ ਦਿੱਤਾ ਅਤੇ 1985 ਵਿਚ ਉਨ੍ਹਾਂ ਨੇ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਅਨੁਪਮ ਨੇ ਸਿੰਕਦਰ ਨੂੰ ਆਪਣਾ ਸਰਨੇਮ ਦਿੱਤਾ। ਦੱਸ ਦੇਈਏ ਕਿ ਕਿਰਨ ਅਤੇ ਅਨੁਪਮ ਦੀ ਆਪਣੀ ਕੋਈ ਔਲਾਦ ਨਹੀਂ ਹੈ। ਕਿਰਨ ਨੇ ਜ਼ਿੰਦਗੀ ਦੇ ਹਰ ਮੋੜ 'ਤੇ ਅਨੁਪਮ ਦਾ ਸਾਥ ਦਿੱਤਾ। ਦੋਵਾਂ ਦੀ ਜ਼ਿੰਦਗੀ ਵਿਚ ਅਜਿਹਾ ਸਮਾਂ ਵੀ ਆਇਆ ਜਦੋਂ ਅਨੁਪਮ ਖੇਰ ਪੈਸਿਆਂ ਦੀ ਤੰਗੀ ਦੇ ਚਲਦੇ ਪ੍ਰੇਸ਼ਾਨ ਰਹਿੰਦੇ ਸਨ। ਦੋਵਾਂ ਦੀ ਜ਼ਿੰਦਗੀ ਵਿਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਅਨੁਪਮ ਖੇਰ ਕੋਲ ਕੰਮ ਨਹੀਂ ਸੀ ਅਤੇ ਉਹ ਘਰ ਖਾਲੀ ਬੈਠੇ ਸਨ। ਅਜਿਹੀਆਂ ਵੀ ਖਬਰਾਂ ਆਈਆਂ ਸਨ ਕਿ ਉਨ੍ਹੀਂ ਦਿਨੀਂ ਦੋਵਾਂ ਵਿਚਕਾਰ ਮਨ ਮੁਟਾਵ ਵੀ ਸੀ ਪਰ ਕਿਰਨ ਨੇ ਸਮਝਦਾਰੀ ਨਾਲ ਹਾਲਾਤ ਸੰਭਾਲੇ ਅਤੇ ਅੱਜ ਇਹ ਕਪੱਲ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਕਾਫੀ ਖੁਸ਼ ਹੈ।