ਖੰਡਵਾ— ਖੰਡਵਾ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਵੀਰਵਾਰ ਨੂੰ ਫਿਲਮ ਜਗਤ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਰਹੇ ਕਿਸ਼ੋਰ ਕੁਮਾਰ ਦੇ ਘਰ ਨੂੰ ਢਾਹੁਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਕਿਸ਼ੋਰ ਕੁਮਾਰ ਦਾ ਇਹ ਮਕਾਨ ਲਗਭਗ 100 ਸਾਲ ਪੁਰਾਣਾ ਹੈ।
ਇਹ ਨੋਟਿਸ ਅਦਾਕਾਰ ਦੇ ਦੋ ਮੰਜ਼ਿਲਾ ਇਮਾਰਤ ਦੇ ਬਾਹਰ ਚਿਪਕਾਇਆ ਗਿਆ ਹੈ। ਕਦੇ ਇਸ ਘਰ ਦੇ ਵਿਹੜੇ 'ਚ ਕਿਸ਼ੋਰ ਕੁਮਾਰ ਅਤੇ ਉਸ ਦੇ ਭਰਾ ਅਸ਼ੋਕ ਅਤੇ ਅਨੂਪ ਹੱਸਦੇ-ਖੇਡਦੇ ਆਪਣਾ ਬਚਪਨ ਬਿਤਾ ਚੁੱਕੇ ਹਨ। ਘਰ ਦੇ ਬਾਹਰ ਲੱਗੇ ਮਿਊਂਸੀਪਲ ਕਾਰਪੋਰੇਸ਼ਨ ਦੇ ਇਸ ਨੋਟਿਸ ਵਿਚ ਲਿਖਿਆ ਗਿਆ ਹੈ ਕਿ ਇਹ ਘਰ ਬਿਲਕੁਲ ਖਸਤਾ ਹਾਲਤ 'ਚ ਹੈ, ਜੋ ਕਿਸੇ ਵੀ ਸਮੇਂ ਡਿੱਗ ਸਕਦਾ ਹੈ ਅਤੇ ਇਸ ਨਾਲ ਕਈ ਲੋਕਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ। ਇਸ ਘਰ ਵਿਚ ਰਹਿਣਾ ਠੀਕ ਨਹੀਂ ਹੈ ਅਤੇ ਇਸ ਨੂੰ 24 ਘੰਟੇ ਦੇ ਅੰਦਰ ਖਾਲੀ ਕਰ ਦਿੱਤਾ ਜਾਣਾ ਚਾਹੀਦਾ ਹੈ। ਕਾਰਪੋਰੇਸ਼ਨ ਜ਼ਬਰਦਸਤੀ ਇਹ ਘਰ ਖਾਲੀ ਕਰਵਾ ਕੇ ਦਿੱਤੇ ਹੋਏ ਸਮੇਂ ਵਿਚ ਇਸ ਨੂੰ ਢਾ ਦੇਵੇਗੀ।