ਮੁੰਬਈ (ਬਿਊਰੋ) — ਮਸਤ-ਮਸਤ ਗਰਲ ਰਵੀਨਾ ਟੰਡਨ ਦਾ ਅੱਜ ਜਨਮ ਦਿਨ ਹੈ। 90 ਦੇ ਦਹਾਕੇ 'ਚ ਰਵੀਨਾ ਟੰਡਨ ਦਾ ਨਾਂ ਟੌਪ ਦੀਆਂ ਹੀਰੋਇਨਾਂ 'ਚ ਲਿਆ ਜਾਂਦਾ ਸੀ। ਰਵੀਨਾ ਟੰਡਨ ਦਾ ਜਨਮ 26 ਅਕਤੂਬਰ 1974 ਨੂੰ ਹੋਇਆ ਸੀ। ਰਵੀਨਾ ਦਾ ਨਿੱਕਾ ਨਾਂ ਮੁਨਮੁਨ ਹੈ, ਜੋ ਕਿ ਉਨ੍ਹਾਂ ਦੇ ਮਾਮਾ ਮੈਕਮੋਹਨ ਨੇ ਰੱਖਿਆ ਸੀ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਪੱਥਰ ਕੇ ਫੂਲ' ਨਾਲ 1991 'ਚ ਕੀਤੀ ਸੀ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਮਸ਼ਹੂਰ ਐਡ ਮੇਕਰ ਪ੍ਰਹਲਾਦ ਕੱਕੜ ਨਾਲ ਕੰਮ ਕਰਦੇ ਸਨ।
90 ਦੇ ਦਹਾਕੇ 'ਚ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ, ਜਿਸ 'ਚ ਫਿਲਮ 'ਮੋਹਰਾ' ਉਨ੍ਹਾਂ ਦੇ ਕਰੀਅਰ 'ਚ ਮੀਲ ਦਾ ਪੱਥਰ ਸਾਬਿਤ ਹੋਈ। ਇਸ ਦਾ ਇਕ ਹਿੱਟ ਗੀਤ ਸੀ 'ਤੂੰ ਚੀਜ਼ ਬੜੀ ਹੈ ਮਸਤ ਮਸਤ', ਜੋ ਅੱਜ ਵੀ ਬੜੀ ਸ਼ਿੱਦਤ ਨਾਲ ਸੁਣਿਆ ਜਾਂਦਾ ਹੈ। ਇਸ ਗੀਤ ਨੂੰ ਰਵੀਨਾ ਟੰਡਨ ਅਤੇ ਅਕਸ਼ੈ ਕੁਮਾਰ 'ਤੇ ਫਿਲਮਾਇਆ ਗਿਆ ਸੀ ਅਤੇ ਇਸ ਗੀਤ ਤੋਂ ਬਾਅਦ ਹੀ ਰਵੀਨਾ ਟੰਡਨ ਮਸਤ–ਮਸਤ ਗਰਲ ਦੇ ਨਾਂ ਨਾਲ ਮਸ਼ਹੂਰ ਹੋ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਰਵੀਨਾ ਟੰਡਨ ਨੂੰ ਫਿਲਮ 'ਕੁਛ-ਕੁਛ ਹੋਤਾ ਹੈ' ਅਤੇ 'ਦਿਲ ਤੋ ਪਾਗਲ ਹੈ' ਵਰਗੀਆਂ ਫਿਲਮਾਂ ਲਈ ਵੀ ਰੋਲ ਆਫਰ ਹੋਏ ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਨੇ ਇਹ ਰੋਲ ਠੁਕਰਾ ਦਿੱਤੇ ਸਨ। ਰਵੀਨਾ ਟੰਡਨ ਦੀ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਅਨਿਲ ਕਪੂਰ ਨਾਲ ਖੂਬ ਜੋੜੀ ਬਣੀ। ਇੰਨ੍ਹੀਂ ਦਿਨੀਂ ਉਹ ਰਿਐਲਿਟੀ ਸ਼ੋਅਜ਼ 'ਚ ਜੱਜ ਦੇ ਤੌਰ 'ਤੇ ਨਜ਼ਰ ਆ ਰਹੀ ਹੈ। ਰਵੀਨਾ ਦਾ ਨਾਂ ਅਕਸ਼ੈ ਕੁਮਾਰ ਨਾਲ ਵੀ ਜੋੜਿਆ ਗਿਆ ਸੀ।
ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਇਹ ਖੁਲਾਸਾ ਵੀ ਕੀਤਾ ਸੀ ਕਿ, ''ਅਕਸ਼ੇ ਨੇ ਉਨ੍ਹਾਂ ਨਾਲ ਵਿਆਹ ਦਾ ਵਾਅਦਾ ਵੀ ਕੀਤਾ ਸੀ ਪਰ ਅਕਸ਼ੈ ਦੇ ਦੂਜੀਆਂ ਹੀਰੋਇਨਾਂ ਨਾਲ ਅਫੇਅਰ ਦੀਆਂ ਖਬਰਾਂ ਤੋਂ ਪ੍ਰੇਸ਼ਾਨ ਹੋ ਕੇ ਅਕਸ਼ੈ ਨਾਲੋਂ ਮੈਂ ਆਪਣਾ ਰਿਸ਼ਤਾ ਤੋੜ ਲਿਆ ਸੀ। 22 ਫਰਵਰੀ 2004 ਨੂੰ ਰਵੀਨਾ ਨੇ ਅਨਿਲ ਥਡਾਨੀ ਨਾਲ ਵਿਆਹ ਕਰਵਾ ਲਿਆ।
ਰਵੀਨਾ ਅਨਿਲ ਦੀ ਦੂਜੀ ਪਤਨੀ ਹੈ। ਵਿਆਹ ਤੋਂ ਪਹਿਲਾਂ ਹੀ ਰਵੀਨਾ ਟੰਡਨ ਨੇ ਦੋ ਧੀਆਂ ਨੂੰ ਗੋਦ ਲਿਆ ਸੀ, ਜਿਨ੍ਹਾਂ ਦਾ ਨਾਂ ਪੂਜਾ ਅਤੇ ਛਾਇਆ ਹੈ। ਅਨਿਲ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਰਸ਼ਾ ਅਤੇ ਰਣਬੀਰ। ਉਹ ਹੁਣ ਟੀ. ਵੀ. ਦੀ ਦੁਨੀਆ 'ਚ ਸਰਗਰਮ ਹਨ ਅਤੇ ਲਗਾਤਾਰ ਟੀ. ਵੀ. ਇੰਡਸਟਰੀ ਨਾਲ ਜੁੜੇ ਹੋਏ ਹਨ।