ਜਲੰਧਰ (ਬਿਊਰੋ) — ਗਾਇਕ ਸੁਖਵਿੰਦਰ ਸੁੱਖੀ ਜਿਨ੍ਹਾਂ ਨੇ ਕਈ ਹਿੱਟ ਗੀਤ ਸੰਗੀਤ ਜਗਤ ਨੂੰ ਦਿੱਤੇ ਹਨ। ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਅੱਜ ਵੀ ਉਨ੍ਹਾਂ ਹੀ ਪਿਆਰ ਮਿਲਦਾ ਹੈ, ਜਿੰਨਾ ਪਹਿਲਾਂ ਮਿਲਦਾ ਸੀ। ਅੱਜ ਅਸੀਂ ਤੁਹਾਨੂੰ ਸੁਖਵਿੰਦਰ ਸੁੱਖੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਤੋਂ ਸ਼ਾਇਦ ਤੁਸੀਂ ਅਣਜਾਨ ਹੋਵੋਗੇ। ਸੁਖਵਿੰਦਰ ਸੁੱਖੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਜ਼ਿੰਦਗੀ 'ਚ ਸੋਚਿਆ ਸੀ ਪ੍ਰਮਾਤਮਾ ਨੇ ਉਨ੍ਹਾਂ ਨੂੰ ਉਸ ਤੋਂ ਕਿਤੇ ਵੱਧ ਦਿੱਤਾ ਹੈ। ਇੱਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਸੀ ਅੱਜ ਉਹ ਜਿਸ ਮੁਕਾਮ 'ਤੇ ਪਹੁੰਚੇ ਹਨ। ਇਸ ਲਈ ਉਨ੍ਹਾਂ ਨੇ ਕਾਫੀ ਮਿਹਨਤ ਕਰਨੀ ਪਈ।
ਇੱਕ ਕਿਸਾਨ ਪਰਿਵਾਰ ਦੇ ਘਰ ਪੈਦਾ ਹੋਏ ਸੁਖਵਿੰਦਰ ਸੁੱਖੀ ਇੱਕ ਆਮ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਸੁਖਵਿੰਦਰ ਸੁੱਖੀ ਆਪਣੇ ਪਰਿਵਾਰ 'ਚ ਮਹਿਜ਼ ਇੱਕ ਅਜਿਹੇ ਸ਼ਖਸ ਹਨ, ਜਿਨ੍ਹਾਂ ਨੇ ਅੱਠਵੀਂ ਜਮਾਤ ਪਾਸ ਕੀਤੀ ਹੈ ਪਰ ਇੱਕ ਸਧਾਰਨ ਜਿਹੇ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੁਖਵਿੰਦਰ ਸੁੱਖੀ ਆਪਣੇ ਹਰ ਇਮਤਿਹਾਨ 'ਚ ਟਾਪਰ ਰਹੇ ਹਨ ਭਾਵੇਂ ਉਹ 10ਵੀਂ, 12ਵੀਂ ਜਾਂ ਫਿਰ ਐੱਮ. ਐੱਸ. ਸੀ. ਹੀ ਕਿਉਂ ਨਾ ਹੋਵੇ, ਹਰ ਇਮਤਿਹਾਨ 'ਚ ਉਨ੍ਹਾਂ ਨੇ ਟੌਪ ਕੀਤਾ ਹੈ।
ਬੀ. ਐੱਸੀ. 'ਚ ਉਹ ਗੋਲਡ ਮੈਡਲਿਸਟ ਰਹੇ ਹਨ ਅਤੇ ਤਿੰਨ ਵਾਰ ਉਹ ਰਾਸ਼ਟਰੀ ਪੱਧਰ 'ਤੇ ਖੋ-ਖੋ ਖੇਡ ਕੇ ਆਏ ਅਤੇ ਪੰਜਾਬ ਦੀ ਟੀਮ ਦੇ ਕੈਪਟਨ ਰਹੇ ਹਨ। ਗਾਇਕੀ ਦੇ ਉਹ ਬਚਪਨ ਤੋਂ ਹੀ ਸ਼ੌਂਕੀਨ ਰਹੇ ਹਨ ਅਤੇ ਜਦੋਂ ਉਹ ਚੌਥੀ ਜਮਾਤ 'ਚ ਸਨ ਤਾਂ ਉਨ੍ਹਾਂ ਨੇ ਗਾਇਕੀ 'ਚੋਂ ਇੱਕ ਇਨਾਮ ਜਿੱਤਿਆ ਸੀ। 'ਲੱਖੀ ਵਣਜਾਰਾ' ਤੋਂ ਹੀ ਗਾਉਣ ਦੀ ਚੇਟਕ ਲੱਗੀ। ਪੜ੍ਹਾਈ 'ਚ ਹੁਸ਼ਿਆਰ ਹੋਣ ਅਤੇ ਟੌਪ ਕਰਨ ਦੇ ਬਾਵਜੂਦ ਸੁੱਖੀ ਨੇ ਕਦੇ ਵੀ ਇਹ ਨਹੀਂ ਸੋਚਿਆ ਕਿ ਉਹ ਨੌਕਰੀ ਕਰਨ ਪਰ ਉਨ੍ਹਾਂ ਦੀ ਇਹ ਇੱਛਾ ਸੀ ਕਿ ਉਨ੍ਹਾਂ ਕੋਲ ਵੱਡਾ ਘਰ, ਵੱਡੀ ਗੱਡੀ ਅਤੇ ਜ਼ਿੰਦਗੀ ਜਿਊਣ ਲਈ ਹਰ ਸਹੂਲਤ ਹੋਣੀ ਚਾਹੀਦੀ ਹੈ। ਜੋ ਕਿ ਅੱਜ ਉਨ੍ਹਾਂ ਕੋਲ ਹੈ।
ਸੁਖਵਿੰਦਰ ਸੁੱਖੀ ਨੂੰ ਆਪਣਾ ਗੀਤ ਕੱਢਣ ਲਈ ਵੀ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਕਿਉਂਕਿ ਪੀ. ਏ. ਯੂ. 'ਚ ਜਸਵਿੰਦਰ ਭੱਲਾ, ਜੋ ਕਿ ਉਥੇ ਪ੍ਰੋਫੈਸਰ ਸਨ, ਜਸਵਿੰਦਰ ਭੱਲਾ ਦੇ ਘਰ ਉਦੋਂ ਪੁਖਰਾਜ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਨੇ ਸੁੱਖੀ ਨੂੰ ਪੁਖਰਾਜ ਦੀ ਲੋਹੜੀ 'ਤੇ ਸਾਜ਼ੀ ਲਿਆਉਣ ਲਈ ਆਖਿਆ ਸੀ, ਜਿਸ ਤੋਂ ਬਾਅਦ ਸੁੱਖੀ ਉੱਥੇ ਸਾਜ਼ੀ ਲੈ ਕੇ ਪਹੁੰਚ ਗਏ। ਉਥੇ ਹੀ ਗੁਰਭਜਨ ਗਿੱਲ, ਬਾਲ ਮੁਕੰਦ ਸ਼ਰਮਾ ਅਤੇ ਜਰਨੈਲ ਘੁੰਮਾਣ ਵੀ ਆਏ ਹੋਏ ਸਨ। ਉਨ੍ਹਾਂ ਨੇ ਸੁਣਿਆ ਤਾਂ ਉਨ੍ਹਾਂ ਨੇ ਜਸਵਿੰਦਰ ਭੱਲਾ ਤੋਂ ਪੁੱਛਿਆ ਕੀ ਇਹ ਮੁੰਡਾ ਕੌਣ ਹੈ, ਜਿਸ ਤੋਂ ਬਾਅਦ ਅਦਾਕਾਰ ਅਤੇ ਕਮੇਡੀਅਨ ਜਸਵਿੰਦਰ ਭੱਲਾ ਨੇ ਦੱਸਿਆ ਕਿ ਇਹ ਸਾਡੀ ਯੂਨੀਵਰਸਿਟੀ ਦਾ ਬੈਸਟ ਫੋਕ ਸਿੰਗਰ ਹੈ। ਜਰਨੈਲ ਘੁੰਮਾਣ ਨੇ ਉਸੇ ਵੇਲੇ ਆਪਣਾ ਕਾਰਡ ਦਿੱਤਾ ਅਤੇ ਕਿਹਾ ਕਿ ਉਹ ਸੁੱਖੀ ਦਾ ਗੀਤ ਰਿਕਾਰਡ ਕਰਨਾ ਚਾਹੁੰਦੇ ਹਨ।
ਉਸ ਵੇਲੇ ਸੁੱਖੀ ਨੇ ਨਹੀਂ ਸੀ ਸੋਚਿਆ ਕਿ ਉਹ ਗਾਇਕ ਬਣਨਗੇ ਪਰ ਕਿਸਮਤ ਉਨ੍ਹਾਂ ਨੂੰ ਇਸ ਖੇਤਰ 'ਚ ਲੈ ਆਈ। ਸੁੱਖੀ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪਿੰਡ ਦੇ ਰਹਿਣ ਵਾਲੇ ਹਨ। ਉਹ ਖੁਦ ਲੁਧਿਆਣਾ 'ਚ ਰਹਿੰਦੇ ਹਨ। ਉਨ੍ਹਾਂ ਦਾ ਇੱਕ ਭਰਾ ਥਾਣੇਦਾਰ ਹੈ ਜਦੋਂਕਿ ਦੋ ਖੇਤੀ ਕਰਦੇ ਹਨ। ਸਾਲ 1997 'ਚ ਉਨ੍ਹਾਂ ਨੇ ਪਹਿਲੀ ਕੈਸੇਟ ਕੱਢੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਇਹ ਗਾਇਕੀ ਦਾ ਸਫਰ ਅੱਜ ਵੀ ਜਾਰੀ ਹੈ।