ਜਲੰਧਰ(ਬਿਊਰੋ)— ਪੰਜਾਬ ਦੇ ਮਸ਼ਹੂਰ ਪੰਜਾਬੀ ਫੋਕ ਗਾਇਕ ਕੁਲਦੀਪ ਮਾਣਕ ਦੀ ਅੱਜ 6ਵੀਂ ਬਰਸੀ ਹੈ। 30 ਨਵੰਬਰ ਸਾਲ 2011 'ਚ ਕੁਲਦੀਪ ਮਾਣਕ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਪੰਜਾਬ ਦੇ ਲੋਕਾਂ ਤੋਂ ਜੇਕਰ ਕਲੀਆਂ ਦਾ ਅਰਥ ਪੁੱਛਿਆ ਜਾਵੇ ਤਾਂ ਸ਼ਾਇਦ ਉਨ੍ਹਾਂ ਨੂੰ ਦੋ ਹੀ ਅਰਥ ਪਤਾ ਹੋਣਗੇ ਇਕ ਤਾਂ 'ਫੁੱਲਾਂ ਦੀਆਂ ਕਲੀਆਂ' ਤੇ ਦੂਜਾ 'ਮਾਣਕ ਦੀਆਂ ਕਲੀਆਂ'।
'ਕਲੀਆਂ ਦੇ ਬਾਦਸ਼ਾਹ' ਹਨ ਕੁਲਦੀਪ ਮਾਣਕ
ਉਨ੍ਹਾਂ ਦੀ ਗਾਇਕੀ ਦਾ ਹਰ ਕੋਈ ਮੁਰੀਦ ਹੈ। ਕੁਲਦੀਪ ਮਾਣਕ 'ਕਲੀਆਂ ਦੇ ਬਾਦਸ਼ਾਹ' ਅਖਵਾਉਂਦੇ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਕੁਲਦੀਪ ਮਾਣਕ ਦਾ ਅਸਲੀ ਨਾਂ ਲਾਤਿਫ ਮੁਹੰਮਦ ਮਾਣਕ ਸੀ। ਪੰਜਾਬ ਦੇ ਸੀ. ਐੱਮ. ਸੇਖੋਂ ਨੇ ਉਨ੍ਹਾਂ ਦਾ ਨਾਂ ਕੁਲਦੀਪ ਮਾਣਕ ਰੱਖਿਆ ਸੀ।
ਮਾਣਕ ਦੇ ਵੱਡੇ ਫੈਨ ਹਨ ਜੈਜ਼ੀ ਬੀ
ਦੱਸ ਦੇਈਏ ਕਿ ਨਾਮੀ ਗਾਇਕ ਜੈਜ਼ੀ ਬੀ ਕੁਲਦੀਪ ਮਾਣਕ ਦੇ ਬਹੁਤ ਵੱਡੇ ਫੈਨ ਹਨ ਤੇ ਆਖਰੀ ਸਮੇਂ ਤਕ ਉਨ੍ਹਾਂ ਨੂੰ ਮਿਲਦੇ-ਜੁਲਦੇ ਰਹੇ। ਅੱਜ ਵੀ ਜੈਜ਼ੀ ਬੀ ਨੇ ਕੁਲਦੀਪ ਮਾਣਕ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਇਕ ਤਸਵੀਰ ਤੇ ਇਕ ਗੀਤ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਕੁਲਦੀਪ ਮਾਣਕ ਦੇ ਗੀਤ 'ਤੇਰੇ ਟਿੱਲੇ ਤੋਂ', 'ਦੁੱਲਿਆ ਵੇ ਟੋਕਰਾ' ਤੇ 'ਮਾਂ ਮਿਰਜ਼ੇ ਦੀ ਬੋਲਦੀ' ਬੇਹੱਦ ਮਸ਼ਹੂਰ ਹਨ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਸੀ। ਕੁਲਦੀਪ ਮਾਣਕ ਦਾ ਜਨਮ 15 ਨਵੰਬਰ 1951 ਨੂੰ ਬੰਠਿਡਾ 'ਚ ਹੋਇਆ ਸੀ ਤੇ ਸਾਲ 1996 'ਚ ਉਨ੍ਹਾਂ ਨੇ ਚੋਣਾਂ 'ਚ ਵੀ ਹਿੱਸਾ ਲਿਆ ਪਰ ਸਫਲਤਾ ਹਾਸਲ ਨਾ ਹੋਈ।
ਪੰਜਾਬੀ ਲੋਕ ਗਾਇਕੀ ਦਾ ਥੰਮ੍ਹ ਕਹੀਏ, ਮੇਲਿਆਂ ਤੇ ਅਖਾੜਿਆਂ ਦਾ ਸ਼ਿੰਗਾਰ ਕਹੀਏ ਅਤੇ ਜਾਂ ਕਹੀਏ ਲੋਕ ਗਾਥਾਵਾਂ ਦਾ ਸ਼ਾਹਕਾਰ ਇਨ੍ਹਾਂ 'ਚੋਂ ਕੁਝ ਵੀ ਕਹੀਏ ਪਰ ਰਹਿੰਦੀ ਦੁਨੀਆਂ ਤੱਕ ਕਲੀਆਂ ਦਾ ਬਾਦਸ਼ਾਹ ਇੱਕੋ ਹੀ ਰਹੇਗਾ- ਸਵਰਗਵਾਸੀ ਕੁਲਦੀਪ ਮਾਣਕ। ਮਾਣਕ ਦੀ ਗਾਇਕੀ ਨੇ ਹਮੇਸ਼ਾ ਹੀ ਸਭ ਨੂੰ ਵਿਰਾਸਤ ਨਾਲ ਜੋੜਿਆ ਹੈ।
ਇਸ ਮਹਾਨ ਗਾਇਕ ਦੀਆਂ ਗਾਈਆਂ ਕੁਝ ਅਜਿਹੀਆਂ ਕਲੀਆਂ ਅਤੇ ਗੀਤ ਹਨ ਜੋ ਅੱਜ ਵੀ ਉਨੇ ਹੀ ਨਵੇਂ ਲਗਦੇ ਹਨ ਜਿੰਨੇ ਕਿ ਪਹਿਲਾਂ ਲੱਗਦੇ ਸਨ। 'ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ', ਜਿੱਥੇ ਇਸ ਗੀਤ ਨੇ ਹਰ ਮਾਂ ਦੇ ਦਿਲ ਨੂੰ ਛੂਹਿਆ ਉੱਥੇ ਹੀ 'ਸੁੱਚਾ ਸੂਰਮਾ ਤੇ ਜੱਟ ਜਿਉਣਾ ਮੌੜ' ਵਰਗੀਆਂ ਕਲੀਆਂ ਨੇ ਇਨ੍ਹਾਂ ਪਾਤਰਾਂ ਨੂੰ ਜਿਵੇਂ ਮੁੜ ਸੁਰਜੀਤ ਕਰ ਦਿੱਤਾ।