FacebookTwitterg+Mail

ਖਰੂਦੀ ਜੀਜਿਆਂ ਦੇ ਹੱਥੀਂ ਚੜ੍ਹੇ ਰੌਸ਼ਨ-ਰੁਬੀਨਾ ਦੇ 16 ਨੂੰ ਹੋਣਗੇ 'ਲਾਵਾਂ ਫੇਰੇ'

laavaan phere
14 February, 2018 01:34:50 PM

ਜਲੰਧਰ (ਬਿਊਰੋ)— ਅੱਜਕਲ ਹਰ ਇਕ ਦੀ ਜ਼ੁਬਾਨ 'ਤੇ ਫਿਲਮ 'ਲਾਵਾਂ ਫੇਰੇ' ਦੇ ਚਰਚੇ ਹਨ। ਹੋਣ ਵੀ ਕਿਉਂ ਨਾ, ਫਿਲਮ ਦਾ ਟਰੇਲਰ ਤੇ ਹੁਣ ਤਕ ਰਿਲੀਜ਼ ਹੋਏ ਗੀਤ ਹਨ ਹੀ ਇੰਨੇ ਸ਼ਾਨਦਾਰ। 16 ਤਰੀਕ ਨੂੰ 'ਲਾਵਾਂ ਫੇਰੇ' ਫਿਲਮ ਦੇਸ਼-ਵਿਦੇਸ਼ਾਂ 'ਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਫਿਲਮ ਦੀ ਕਹਾਣੀ ਪਾਲੀ ਭੁਪਿੰਦਰ ਸਿੰਘ ਨੇ ਲਿਖੀ ਹੈ, ਜਿਸ ਨੂੰ ਪ੍ਰੋਡਿਊਸ ਕਰਮਜੀਤ ਅਨਮੋਲ, ਰੰਜੀਵ ਸਿੰਗਲਾ ਤੇ ਪ੍ਰੇਮ ਪ੍ਰਕਾਸ਼ ਗੁਪਤਾ ਨੇ ਕੀਤਾ ਹੈ। ਫਿਲਮ 'ਚ ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਬੀ. ਐੱਨ. ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਟੀਮ ਪ੍ਰਮੋਸ਼ਨ ਲਈ 'ਜਗ ਬਾਣੀ' ਦੇ ਵਿਹੜੇ ਪੁੱਜੀ। ਇਸ ਦੌਰਾਨ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਨਾਲ ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਕਰਮਜੀਤ ਅਨਮੋਲ, ਨਿਸ਼ਾ ਬਾਨੋ ਤੇ ਹਾਰਬੀ ਸੰਘਾ ਨੇ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼

ਫਿਲਮ ਨੂੰ ਲੈ ਕੇ ਸੰਪਰਕ ਕਿਵੇਂ ਬਣਿਆ?
ਰੌਸ਼ਨ ਪ੍ਰਿੰਸ : ਮੈਂ ਆਪਣੀ ਫਿਲਮ 'ਮੈਂ ਤੇਰੀ ਤੂੰ ਮੇਰਾ' ਪ੍ਰੋਡਿਊਸ ਕਰਨ ਤੋਂ ਪਹਿਲਾਂ ਇਹੀ ਫਿਲਮ ਕਰਨੀ ਸੀ, ਉਦੋਂ ਇਹ ਫਿਲਮ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਸੀ। ਸਾਨੂੰ ਕਹਾਣੀ 'ਚ ਬਦਲਾਅ ਕਾਰਨ ਦੂਜੀ ਫਿਲਮ ਕਰਨੀ ਪਈ। ਇਸ ਤੋਂ ਬਾਅਦ ਸਮੀਪ ਕੰਗ ਨੇ ਮੇਰੇ ਨਾਲ ਫਿਲਮ ਨੂੰ ਲੈ ਕੇ ਸੰਪਰਕ ਕੀਤਾ, ਜਦੋਂ ਮੈਂ ਪੁੱਛਿਆ ਕਿ ਪ੍ਰੋਡਿਊਸਰ ਕੌਣ ਹੈ ਤਾਂ ਉਨ੍ਹਾਂ ਕਿਹਾ ਕਿ ਕਰਮਜੀਤ ਅਨਮੋਲ, ਫਿਰ ਜਦੋਂ ਕਹਾਣੀ ਵੀ ਇਹ ਨਿਕਲੀ ਤਾਂ ਮੈਂ ਹਾਮੀ ਭਰ ਦਿੱਤੀ।

ਪ੍ਰੋਡਿਊਸਰ ਬਣਨ ਦਾ ਸਬੱਬ ਕਿਵੇਂ ਬਣਿਆ?
ਕਰਮਜੀਤ ਅਨਮੋਲ : ਮੇਰੇ ਇਕ ਮਿੱਤਰ ਹਨ ਰੰਜੀਵ ਸਿੰਗਲਾ, ਜੋ ਮੇਰੇ ਪਿੰਡ ਤੋਂ ਹੀ ਹਨ। ਉਨ੍ਹਾਂ ਨੇ ਹੀ ਸਲਾਹ ਦਿੱਤੀ ਸੀ ਕਿ ਅਸੀਂ ਇਕੱਠੇ ਫਿਲਮ ਪ੍ਰੋਡਿਊਸ ਕਰਨੀ ਹੈ। ਮੈਂ ਜਵਾਬ ਦਿੱਤਾ ਕਿ ਨਾ ਤਾਂ ਮੇਰੇ ਕੋਲ ਸਮਾਂ ਹੈ ਤੇ ਨਾ ਹੀ ਬਿਜ਼ਨੈੱਸ ਦਾ ਤਜਰਬਾ। ਰੰਜੀਵ ਨੇ ਕਿਹਾ ਕਿ ਬਿਜ਼ਨੈੱਸ ਮੈਂ ਖੁਦ ਸੰਭਾਲ ਲਵਾਂਗਾ, ਤੁਸੀਂ ਬਸ ਹਾਮੀ ਭਰੋ। ਸਾਡੇ ਕੋਲ ਕਹਾਣੀਆਂ ਬਹੁਤ ਸਨ ਪਰ 'ਲਾਵਾਂ ਫੇਰੇ' ਸਭ ਤੋਂ ਵੱਖਰੀ ਲੱਗੀ। ਫਿਰ ਮੈਂ ਇਸ ਨੂੰ ਪ੍ਰੋਡਿਊਸ ਕਰਨ ਦਾ ਮਨ ਬਣਾ ਲਿਆ।

'ਲਾਵਾਂ ਫੇਰੇ' ਨੂੰ ਚੁਣਨ ਪਿੱਛੇ ਕੀ ਵਜ੍ਹਾ ਸੀ?
ਕਰਮਜੀਤ ਅਨਮੋਲ : 'ਲਾਵਾਂ ਫੇਰੇ' ਬਹੁਤ ਹੀ ਵਧੀਆ ਕੰਸੈਪਟ ਹੈ। ਇਸ ਤਰ੍ਹਾਂ ਦੀ ਫਿਲਮ ਪਹਿਲਾਂ ਪੰਜਾਬ ਤੇ ਪੰਜਾਬੀ ਫਿਲਮ ਇੰਡਸਟਰੀ 'ਚ ਨਹੀਂ ਆਈ। ਵੱਖਰਾ ਕੰਸੈਪਟ ਹੋਣ ਦੇ ਨਾਲ-ਨਾਲ ਇਹ ਹਰੇਕ ਪੰਜਾਬੀ ਦੇ ਪਰਿਵਾਰ ਨਾਲ ਜੁੜਿਆ ਕੰਸੈਪਟ ਹੈ, ਇਸ ਲਈ ਇਸ ਦੀ ਚੋਣ ਕੀਤੀ।

ਫਿਲਮ 'ਚ ਕਿਹੜਾ ਕਿਰਦਾਰ ਨਿਭਾਅ ਰਹੇ ਹੋ?
ਰੁਬੀਨਾ ਬਾਜਵਾ : ਮੇਰੇ ਕਿਰਦਾਰ ਦਾ ਨਾਂ ਨੀਤੂ ਹੈ, ਜੋ ਮਾਰੀਸ਼ਸ 'ਚ ਰਹਿੰਦੀ ਹੈ। ਹਨੀ ਨਾਂ ਦੇ ਮੁੰਡੇ ਨਾਲ ਉਸ ਨੂੰ ਪਿਆਰ ਹੋ ਜਾਂਦਾ ਹੈ। ਜਿਵੇਂ ਫਿਲਮ 'ਚ ਹਨੀ ਯਾਨੀ ਕਿ ਰੌਸ਼ਨ ਪ੍ਰਿੰਸ ਆਪਣੇ ਜੀਜਿਆਂ ਨੂੰ ਮਨਾਉਂਦੇ ਹਨ, ਮੈਂ ਫਿਲਮ 'ਚ ਆਪਣੇ ਪਿਤਾ ਨੂੰ ਮਨਾਉਂਦੀ ਹਾਂ। ਮੇਰੇ ਪਿਤਾ ਦੇ ਕਿਰਦਾਰ 'ਚ ਬੀ. ਐੱਨ. ਸ਼ਰਮਾ ਜੀ ਹਨ। ਨੀਤੂ ਇਕ ਮਾਡਰਨ ਕੁੜੀ ਹੈ, ਆਤਮ-ਵਿਸ਼ਵਾਸ ਨਾਲ ਭਰਪੂਰ ਹੱਸਮੁਖ ਸੁਭਾਅ ਵਾਲੀ। ਉਸ ਨੂੰ ਸਿਰਫ ਇਹੀ ਪਤਾ ਹੈ ਕਿ ਹਨੀ ਨਾਲ ਵਿਆਹ ਕਰਵਾਉਣਾ ਹੈ।

ਜੀਜਿਆਂ ਤੋਂ ਇਲਾਵਾ ਫਿਲਮ 'ਚ ਹੋਰ ਕੀ-ਕੀ ਰੁਕਾਵਟਾਂ ਦੇਖਣ ਨੂੰ ਮਿਲਣਗੀਆਂ?
ਰੌਸ਼ਨ ਪ੍ਰਿੰਸ : ਸਭ ਤੋਂ ਪਹਿਲੀ ਰੁਕਾਵਟ ਤਾਂ ਇਹ ਹੈ ਕਿ ਰੁਬੀਨਾ ਨੂੰ ਵਿਆਹ ਲਈ ਮਨਾਉਣਾ ਕਿਵੇਂ ਹੈ। ਉਸ ਤੋਂ ਬਾਅਦ ਜਦੋਂ ਉਹ ਮੰਨ ਜਾਂਦੀ ਹੈ ਤਾਂ ਦੂਜੀ ਰੁਕਾਵਟ ਉਸ ਦੇ ਪਿਤਾ ਜੀ ਹਨ। ਨੀਤੂ ਯਾਨੀ ਕਿ ਰੁਬੀਨਾ ਦਾ ਪਿਤਾ ਵਿਆਹ 'ਚ ਆਪਣੀਆਂ ਅਲੱਗ ਹੀ ਸ਼ਰਤਾਂ ਮਨਾਉਂਦਾ ਹੈ। ਤੀਜੀ ਰੁਕਾਵਟ ਤਿੰਨੇ ਜੀਜੇ ਹਨ, ਜੋ ਆਪਣੇ ਸਾਲੇ ਦਾ ਵਿਆਹ ਹੋਣ ਨਹੀਂ ਦਿੰਦੇ। ਉਨ੍ਹਾਂ ਵਲੋਂ ਜਿੰਨਾ ਖਰੂਦ ਪਾਇਆ ਗਿਆ ਹੈ, ਉਹ ਫਿਲਮ 'ਚ ਦੇਖਣ ਵਾਲਾ ਹੈ।

ਰੋਮਾਂਸ ਕਰਨਾ ਜ਼ਿਆਦਾ ਮੁਸ਼ਕਲ ਹੈ ਜਾਂ ਫਿਰ ਕਾਮੇਡੀ?
ਰੌਸ਼ਨ ਪ੍ਰਿੰਸ : ਕਾਮੇਡੀ ਜ਼ਿਆਦਾ ਮੁਸ਼ਕਲ ਹੁੰਦੀ ਹੈ। ਮੈਨੂੰ ਇੰਝ ਲਗਦਾ ਹੈ ਕਿ ਕਿਸੇ ਨੂੰ ਹਸਾਉਣਾ ਬਹੁਤ ਵੱਡੀ ਗੱਲ ਹੈ। ਡਾਇਲਾਗਜ਼ ਬੋਲ ਤਾਂ ਸਾਰੇ ਲੈਂਦੇ ਹਨ ਪਰ ਉਨ੍ਹਾਂ 'ਚ ਜਾਨ ਫੂਕਣੀ ਇਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ।

ਬਾਕੀਆਂ ਫਿਲਮਾਂ 'ਚ ਨਿਭਾਏ ਕਿਰਦਾਰਾਂ ਨਾਲੋਂ ਇਸ ਫਿਲਮ ਦਾ ਕਿਰਦਾਰ ਕਿਵੇਂ ਅਲੱਗ ਹੈ?
ਕਰਮਜੀਤ ਅਨਮੋਲ : ਮੇਰੀਆਂ ਪਿਛਲੀਆਂ ਫਿਲਮਾਂ ਤੁਸੀਂ ਦੇਖੀਆਂ, ਭਾਵੇਂ ਮੇਰਾ ਕਿਰਦਾਰ ਕਾਮੇਡੀ ਵਾਲਾ ਹੋਵੇ ਪਰ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕਿਵੇਂ ਮੈਂ ਇਸ ਨੂੰ ਅਲੱਗ ਤਰ੍ਹਾਂ ਨਿਭਾਵਾਂ। ਕਈ ਵਾਰ ਲੁੱਕ ਬਦਲ ਕੇ ਜਾਂ ਆਵਾਜ਼ 'ਚ ਬਦਲਾਅ ਕਰਕੇ ਮੈਂ ਕਿਰਦਾਰ 'ਚ ਵੱਖਰਾ ਕੁਝ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਫਿਲਮ 'ਚ ਵੀ ਮੈਂ ਅਲੱਗ ਕਿਰਦਾਰ ਨਿਭਾਇਆ ਹੈ, ਜਿਵੇਂ ਟਰੇਲਰ ਤੋਂ ਸਾਫ ਨਜ਼ਰ ਆ ਵੀ ਰਿਹਾ ਹੈ ਕਿ ਮੇਰੇ ਕਿਰਦਾਰ ਦਾ ਬੋਲਣ ਦਾ ਸਟਾਈਲ ਅਲੱਗ ਹੈ, ਆਵਾਜ਼ ਅਲੱਗ ਹੈ, ਉਸ ਦੇ ਰਹਿਣ-ਸਹਿਣ ਦਾ ਤਰੀਕਾ ਅਲੱਗ ਹੈ।

ਨੀਰੂ ਜੀ ਤੇ ਸਬਰੀਨਾ ਕੋਲੋਂ ਵੀ ਸੀਨਜ਼ ਨੂੰ ਲੈ ਕੇ ਸਲਾਹ-ਮਸ਼ਵਰਾ ਲੈਂਦੇ ਹੋ?
ਰੁਬੀਨਾ ਬਾਜਵਾ : ਜੀ ਹਾਂ, ਬਿਲਕੁਲ ਉਨ੍ਹਾਂ ਨਾਲ ਵੀ ਸਲਾਹ-ਮਸ਼ਵਰਾ ਚੱਲਦਾ ਹੈ। ਅਸੀਂ ਹੁਣ ਤਿੰਨੇ ਭੈਣਾਂ ਇੰਡਸਟਰੀ 'ਚ ਹਾਂ। ਸਬਰੀਨਾ ਦੀ ਐਂਟਰੀ ਵੀ ਗੀਤ ਰਾਹੀਂ ਪੰਜਾਬੀ ਇੰਡਸਟਰੀ 'ਚ ਹੋ ਗਈ ਹੈ, ਇਸ ਕਰਕੇ ਹੁਣ ਤਿੰਨੇ ਇਕੱਠੀਆਂ ਬੈਠ ਕੇ ਚਰਚਾ ਕਰਦੀਆਂ ਹਾਂ। ਅਸੀਂ ਤਿੰਨੇ ਇਕ-ਦੂਜੀ ਦੇ ਬਹੁਤ ਨਜ਼ਦੀਕ ਹਾਂ, ਜੋ ਵੀ ਸਾਡੇ ਦਿਲ-ਦਿਮਾਗ 'ਚ ਹੁੰਦਾ ਹੈ, ਉਹ ਸਾਂਝਾ ਕਰਦੀਆਂ ਰਹਿੰਦੀਆਂ ਹਾਂ।

ਫਿਲਮ 'ਚ ਤੁਹਾਡੇ ਪਸੰਦੀਦਾ ਕਿਰਦਾਰ ਕਿਹੜੇ-ਕਿਹੜੇ ਹਨ?
ਰੁਬੀਨਾ ਬਾਜਵਾ : ਹਾਰਬੀ ਸੰਘਾ, ਉਹ ਇਸ ਫਿਲਮ 'ਚ ਬਹੁਤ ਹੀ ਫਨੀ ਹਨ। ਉਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ।
ਰੌਸ਼ਨ ਪ੍ਰਿੰਸ : ਗੁਰਪ੍ਰੀਤ ਘੁੱਗੀ ਜੀ, ਕਿਉਂਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਤੰਗ ਕਰਨਾ ਸ਼ੁਰੂ ਕੀਤਾ ਸੀ।
ਕਰਮਜੀਤ ਅਨਮੋਲ : ਫਿਲਮ ਦੇ ਸਾਰੇ ਕਿਰਦਾਰ ਮੇਰੇ ਫੇਵਰੇਟ ਹਨ ਕਿਉਂਕਿ ਸਾਰਿਆਂ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਹੈ। ਕਿਸੇ ਇਕ ਨੂੰ ਚੁਣਨਾ ਮੇਰੇ ਲਈ ਬਹੁਤ ਮੁਸ਼ਕਿਲ ਹੈ।

ਰੌਸ਼ਨ ਪ੍ਰਿੰਸ : ਗੁਰਪ੍ਰੀਤ ਘੁੱਗੀ ਜੀ, ਕਿਉਂਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਤੰਗ ਕਰਨਾ ਸ਼ੁਰੂ ਕੀਤਾ ਸੀ।
ਕਰਮਜੀਤ ਅਨਮੋਲ : ਫਿਲਮ ਦੇ ਸਾਰੇ ਕਿਰਦਾਰ ਮੇਰੇ ਪਸੰਦੀਦਾ ਹਨ ਕਿਉਂਕਿ ਸਾਰਿਆਂ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਹੈ, ਕਿਸੇ ਇਕ ਨੂੰ ਚੁਣਨਾ ਮੇਰੇ ਲਈ ਬਹੁਤ ਮੁਸ਼ਕਲ ਹੈ।

ਜ਼ਿੰਦਗੀ ਨੂੰ ਬਦਲਣ ਵਾਲੀ ਫਿਲਮ ਕਿਹੜੀ ਸਾਬਿਤ ਹੋਈ?
ਹਾਰਬੀ ਸੰਘਾ : 'ਕੈਰੀ ਆਨ ਜੱਟਾ' ਨੇ ਮੇਰੀ ਜ਼ਿੰਦਗੀ ਬਦਲੀ। ਮੈਂ ਇਸ ਫਿਲਮ ਤੋਂ ਪਹਿਲਾਂ 12-13 ਫਿਲਮਾਂ ਕਰ ਚੁੱਕਾ ਸੀ ਪਰ ਵੱਖਰੀ ਪਛਾਣ 'ਕੈਰੀ ਆਨ ਜੱਟਾ' ਨੇ ਦਿਵਾਈ। ਹੁਣ ਮਿਹਨਤ ਰੰਗ ਲਿਆਈ ਹੈ ਪਰ ਜਨੂੰਨ ਮੇਰੇ 'ਚ ਪਹਿਲਾਂ ਵਰਗਾ ਹੀ ਹੈ। ਕਲਾਕਾਰ ਜਦੋਂ ਵੱਡਾ ਹੋ ਜਾਂਦਾ ਹੈ ਤਾਂ ਉਸ ਲਈ ਮਿਹਨਤ ਹੋਰ ਜ਼ਿਆਦਾ ਵਧ ਜਾਂਦੀ ਹੈ।

ਨਿਸ਼ਾ ਜੀ ਫਿਲਮ 'ਚ ਕਿਹੜਾ ਕਿਰਦਾਰ ਨਿਭਾਅ ਰਹੇ ਹੋ?
ਨਿਸ਼ਾ ਬਾਨੋ : ਫਿਲਮ 'ਚ ਮੈਂ ਸੱਤੀ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹਾਂ। ਹਨੀ ਯਾਨੀ ਕਿ ਰੌਸ਼ਨ ਪ੍ਰਿੰਸ ਦੀ ਭੈਣ ਤੇ ਕਰਮਜੀਤ ਅਨਮੋਲ ਦੇ ਆਪੋਜ਼ਿਟ ਉਨ੍ਹਾਂ ਦੀ ਪਤਨੀ ਦੀ ਭੂਮਿਕਾ ਵਿਚ ਹਾਂ ਜੇਕਰ ਕੋਈ ਵੀ ਭੈਣ ਫਿਲਮ ਦੇਖੇਗੀ ਤਾਂ ਉਸ ਨੂੰ ਲੱਗੇਗਾ ਕਿ ਉਹ ਵੀ ਭਰਾ ਦੇ ਵਿਆਹ 'ਚ ਇਸੇ ਤਰ੍ਹਾਂ ਸੀ।

ਕਰਮਜੀਤ ਅਨਮੋਲ ਨਾਲ ਤੁਸੀਂ ਕਈ ਫਿਲਮਾਂ ਕਰ ਚੁੱਕੇ ਹੋ, ਇਸ ਬਾਰੇ ਕੀ ਕਹੋਗੇ?
ਨਿਸ਼ਾ ਬਾਨੋ : ਕਰਮਜੀਤ ਅਨਮੋਲ ਉਹ ਇਨਸਾਨ ਹੈ, ਜੋ ਮੈਨੂੰ ਇਸ ਇੰਡਸਟਰੀ 'ਚ ਲੈ ਕੇ ਆਇਆ। ਉਹ ਮੇਰੇ ਗੁਰੂ ਹਨ। ਉਨ੍ਹਾਂ ਦੇ ਨਾਲ ਮੈਂ ਪਹਿਲਾਂ ਗਾਇਕੀ ਸ਼ੁਰੂ ਕੀਤੀ ਸੀ। ਉਸੇ ਦੌਰਾਨ ਐਕਟਿੰਗ ਦੀਆਂ ਆਫਰਾਂ ਵੀ ਆਉਣੀਆਂ ਸ਼ੁਰੂ ਹੋਈਆਂ। ਉਨ੍ਹਾਂ ਕੋਲੋਂ ਮੈਂ ਹਮੇਸ਼ਾ ਕੁਝ ਨਾ ਕੁਝ ਸਿੱਖਦੀ ਹਾਂ। ਉਹ ਬਹੁਤ ਹੀ ਸਾਫ ਦਿਲ ਇਨਸਾਨ ਹਨ, ਜੋ ਹਰੇਕ ਦੀ ਮਦਦ ਕਰਦੇ ਹਨ।

ਫਿਲਮ ਦੇ ਗੀਤਾਂ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ, ਤੁਸੀਂ ਫਿਲਮ 'ਚ ਗੀਤ ਕਿਉਂ ਨਹੀਂ ਕੀਤਾ?
ਕਰਮਜੀਤ ਅਨਮੋਲ : ਜਿਨ੍ਹਾਂ ਨੇ ਫਿਲਮ ਲਈ ਗੀਤ ਗਾਏ, ਉਹ ਸਾਰੇ ਹੀ ਬਹੁਤ ਵਧੀਆ ਕਲਾਕਾਰ ਹਨ। ਹਰ ਗੀਤ ਕਿਸੇ ਖਾਸ ਆਰਟਿਸਟ ਲਈ ਬਣਿਆ ਹੁੰਦਾ ਹੈ, ਸੋ ਅਸੀਂ ਉਨ੍ਹਾਂ ਨੂੰ ਇਹ ਗੀਤ ਗਾਉਣ ਲਈ ਦਿੱਤੇ। ਇਸ ਲਈ ਲੋੜ ਹੀ ਨਹੀਂ ਪਈ ਮੈਨੂੰ ਖੁਦ ਗਾਉਣ ਦੀ।

ਫਿਲਮ ਦੀ ਸ਼ੂਟਿੰਗ ਕਿਥੇ-ਕਿਥੇ ਹੋਈ ਤੇ ਕਿੰਨੇ ਦਿਨਾਂ 'ਚ ਖਤਮ ਹੋਈ?
ਕਰਮਜੀਤ ਅਨਮੋਲ : 30 ਦਿਨਾਂ 'ਚ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਸੀ। 25 ਕੁ ਦਿਨ ਫਿਲਮ ਦੀ ਸ਼ੂਟਿੰਗ ਮਾਰੀਸ਼ਸ ਤੇ 5 ਕੁ ਦਿਨ ਭਾਰਤ 'ਚ ਹੋਈ। ਬਹੁਤ ਹੀ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮ ਦੀ ਸ਼ੂਟਿੰਗ ਕੀਤੀ ਗਈ ਹੈ।

ਸਮੀਪ ਕੰਗ ਫਿਲਮ ਦੇ ਡਾਇਰੈਕਟਰ ਹਨ, ਉਨ੍ਹਾਂ ਦੀ ਕਿਹੜੀ ਖੂਬੀ ਵਧੀਆ ਲੱਗੀ?
ਕਰਮਜੀਤ ਅਨਮੋਲ : ਉਨ੍ਹਾਂ ਦਾ ਸੁਭਾਅ ਬਹੁਤ ਵਧੀਆ ਹੈ। ਬਹੁਤ ਹੀ ਪਿਆਰੇ ਇਨਸਾਨ ਹਨ। ਮੈਂ ਪਹਿਲਾਂ ਵੀ ਸਮੀਪ ਜੀ ਨਾਲ ਕੰਮ ਕੀਤਾ ਹੈ। ਉਹ ਮੇਰੇ ਨਾਲ ਭਰਾਵਾਂ ਵਾਂਗ ਵਿਚਰਦੇ ਹਨ। 'ਕੈਰੀ ਆਨ ਜੱਟਾ' ਤੋਂ ਬਾਅਦ ਜਿੰਨੀਆਂ ਵੀ ਫਿਲਮਾਂ ਉਨ੍ਹਾਂ ਨੇ ਕੀਤੀਆਂ ਹਨ, ਉਨ੍ਹਾਂ ਸਾਰੀਆਂ 'ਚ ਮੈਂ ਰਿਹਾ ਹਾਂ।

'ਫਿਲਮ 'ਚ ਬਹੁਤ ਸਾਰਾ ਹਾਸਾ-ਮਜ਼ਾਕ ਹੈ, ਇਹ ਤੁਹਾਨੂੰ ਤੁਹਾਡੀ ਆਪਣੀ ਫਿਲਮ ਲੱਗੇਗੀ। ਆਪਣੇ ਪਰਿਵਾਰ ਨਾਲ ਬੈਠ ਕੇ ਤੁਸੀਂ ਦੇਖ ਸਕਦੇ ਹੋ। ਇਕੱਲੇ ਫਿਲਮ ਨਾ ਹੀ ਦੇਖਣ ਜਾਓ ਤਾਂ ਵਧੀਆ ਗੱਲ ਹੈ। ਪਰਿਵਾਰ ਨੂੰ ਨਾਲ ਲੈ ਕੇ ਜਾਓ, ਜ਼ਿਆਦਾ ਵਧੀਆ ਹੈ।'—ਰੌਸ਼ਨ ਪ੍ਰਿੰਸ

'ਲਾਵਾਂ ਫੇਰੇ' ਇਕ ਪਰਿਵਾਰਕ ਫਿਲਮ ਹੈ, ਇਸ 'ਚ ਪਰਿਵਾਰ ਲਈ ਪਿਆਰ ਦੇਖਣ ਨੂੰ ਮਿਲੇਗਾ। ਕਾਮੇਡੀ ਦੇ ਨਾਲ ਹੋਰ ਵੀ ਮਸਾਲਾ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਫਿਲਮ ਦਾ ਬਹੁਤ ਆਨੰਦ ਮਾਣੋਗੇ।' —ਰੁਬੀਨਾ ਬਾਜਵਾ

'16 ਫਰਵਰੀ ਨੂੰ 'ਲਾਵਾਂ ਫੇਰੇ' ਰਿਲੀਜ਼ ਹੋਣ ਜਾ ਰਹੀ ਹੈ, ਸਾਰਿਆਂ ਨੇ ਜ਼ਰੂਰ ਦੇਖਣ ਜਾਣੀ। ਜੀਜਿਆਂ ਦੀ ਫਿਲਮ ਹੈ। ਜੀਜੇ ਕਿਸ ਦੇ ਨਹੀਂ ਹੁੰਦੇ, ਸਾਰੇ ਦੇਖੀਏ ਕਿ ਜੀਜੇ ਕੀ-ਕੀ ਲੱਛਣ ਕਰਦੇ ਹਨ।' —ਕਰਮਜੀਤ ਅਨਮੋਲ


Tags: Laavaan PhereRoshan PrinceRubina BajwaGurpreet GhuggiBN SharmaKaramjit AnmolHarby Sangha

Edited By

Sunita

Sunita is News Editor at Jagbani.