ਜਲੰਧਰ(ਬਿਊਰੋ)— ਪੰਜਾਬੀ ਫਿਲਮ 'ਲਾਵਾਂ ਫੇਰੇ' ਰਿਸ਼ਤਿਆਂ ਦੀ ਅਹਿਮੀਅਤ ਤੇ ਮਿੱਠੀ ਨੋਕ-ਝੋਕ ਨੂੰ ਬਹੁਤ ਹੀ ਖੂਬਸੂਰਤ ਤੇ ਵਿਅੰਗਮਈ ਢੰਗ ਨਾਲ ਪੇਸ਼ ਕਰੇਗੀ। ਇਸ ਕਾਮੇਡੀ ਫਿਲਮ 'ਚ ਜੀਜਾ ਜੀ ਦੀ ਸਹੁਰੇ ਘਰ 'ਚ ਵਿਸ਼ੇਸ਼ ਅਹਿਮੀਅਤ ਨੂੰ ਵੀ ਦਰਸਾਇਆ ਗਿਆ ਹੈ।
ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬ ਦੇ ਸਿਨੇਮਾਘਰਾਂ ਤੋਂ ਇਲਾਵਾ ਇਹ ਫਿਲਮ ਆਸਟ੍ਰੇਲੀਆ, ਨਿਊਜ਼ੀਲੈਂਡ, ਯੂ. ਐੱਸ. ਏ, ਕੈਨੇਡਾ ਤੇ ਯੂਕੇ ਦੇ ਕਈ ਥੀਏਟਰਜ਼ 'ਚ ਵੀ ਰਿਲੀਜ਼ ਹੋਵੇਗੀ। ਇਸ ਗੱਲ ਦੀ ਜਾਣਕਾਰੀ ਸਾਨੂੰ 'ਲਾਵਾਂ ਫੇਰੇ' ਦੇ ਸੋਸ਼ਲ ਅਕਾਊਂਟ ਤੋਂ ਪਤਾ ਲੱਗੀ ਹੈ।
ਜ਼ਿਕਰਯੋਗ ਹੈ ਕਿ 'ਲਾਵਾਂ ਫੇਰੇ' ਦੇ ਨਿਰਦੇਸ਼ਕ ਸਮੀਪ ਕੰਗ ਹਨ, ਜਿਹੜੇ 'ਕੈਰੀ ਆਨ ਜੱਟਾ' ਸਮੇਤ ਹੋਰ ਕਈ ਕਮਾਲ ਦੀਆਂ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ। ਫਿਲਮ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਕਰਮਜੀਤ ਅਨਮੋਲ ਪਹਿਲੀ ਵਾਰ ਬਤੌਰ ਨਿਰਮਾਤਾ ਸਾਹਮਣੇ ਆਏ ਹਨ।
ਉਨ੍ਹਾਂ ਲਈ ਇਹ ਫਿਲਮ ਬੇਹੱਦ ਅਹਿਮ ਹੈ। ਰੁਬੀਨਾ ਬਾਜਵਾ ਇਸ ਫਿਲਮ ਦੀ ਮੁੱਖ ਅਦਾਕਾਰਾ ਹੈ, ਜਿਸ ਨਾਲ ਰੌਸ਼ਨ ਪ੍ਰਿੰਸ ਦੀ ਜੋੜੀ ਕਾਫੀ ਸ਼ਾਨਦਾਰ ਲੱਗ ਰਹੀ ਹੈ।