FacebookTwitterg+Mail

ਦਰਸ਼ਕ ਬੇਸਬਰੀ ਨਾਲ ਉਡੀਕ ਰਹੇ ਹਨ ਅਮਰਿੰਦਰ ਗਿੱਲ ਦੀ ਫਿਲਮ 'ਲਾਈਏ ਜੇ ਯਾਰੀਆਂ'

laiye je yaarian
30 May, 2019 09:58:10 AM

ਜਲੰਧਰ (ਜ.ਬ.)— ਅਮਰਿੰਦਰ ਗਿੱਲ ਦੀ ਫ਼ਿਲਮ ਹੋਵੇ ਤੇ ਅਸੀਂ ਉਡੀਕ ਨਾ ਕਰੀਏ, ਇਹ ਸ਼ਬਦ ਪੰਜਾਬੀ ਸਿਨੇਮਾ ਪਿਆਰਿਆਂ ਵਿਚੋਂ ਬਹੁਤਿਆਂ ਦੇ ਹਨ, ਜਿਹੜੇ ਉਸ ਦੀ 5 ਜੂਨ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਲਾਈਏ ਜੇ ਯਾਰੀਆਂ' ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਦਰਸ਼ਕਾਂ ਦਾ ਕਹਿਣਾ ਹੈ ਕਿ 'ਰਿਦਮ ਬੁਆਏਜ਼' ਅਤੇ ਅਮਰਿੰਦਰ ਗਿੱਲ ਦੋਹੇਂ ਜਦੋਂ ਇਕੱਠੇ ਹੋਣ ਤਾਂ ਕੁੱਝ ਵੱਖਰਾ ਹੋਣਾ ਕੁਦਰਤੀ ਹੈ। ਸੋਸ਼ਲ ਮੀਡੀਆ 'ਤੇ ਪਈਆਂ ਪੋਸਟਾਂ ਨੂੰ ਪੜ੍ਹਿਆਂ ਪਤਾ ਲੱਗਦਾ ਕਿ ਇਸ ਫ਼ਿਲਮ ਦੀ ਉਡੀਕ ਦਾ ਇਕ ਹੋਰ ਵੱਡਾ ਕਾਰਨ ਇਸ ਦਾ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਦੇ ਬਰਾਬਰ ਰਿਲੀਜ਼ ਹੋਣਾ ਹੈ। ਕਿਸੇ ਪ੍ਰੋਡਿਊਸਰ, ਡਾਇਰੈਕਟਰ ਜਾਂ ਅਦਾਕਾਰ ਵਿਚ ਇੰਨਾ ਜਜ਼ਬਾ ਦੇਖਣ ਨੂੰ ਨਹੀਂ ਮਿਲਦਾ, ਜਿਹੜਾ ਇੰਨਾ ਵੱਡਾ ਰਿਸਕ ਲੈਣ ਲੱਗਾ ਹੋਵੇ।
ਜ਼ਿਕਰਯੋਗ ਹੈ ਕਿ 'ਲਾਈਏ ਜੇ ਯਾਰੀਆਂ' 5 ਜੂਨ ਨੂੰ ਭਾਰਤ ਵਿਚ ਰਿਲੀਜ਼ ਹੋਣ ਜਾ ਰਹੀ ਹੈ ਤੇ 7 ਜੂਨ ਨੂੰ ਵਿਦੇਸ਼ਾਂ ਵਿਚ। ਫ਼ਿਲਮ ਦਾ ਟ੍ਰੇਲਰ ਪਿਛਲੇ ਦਿਨੀਂ ਰਿਲੀਜ਼ ਹੋਇਆ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਫ਼ਿਲਮ ਦੇ ਸੰਗੀਤ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ।
ਅਮਰਿੰਦਰ ਗਿੱਲ ਦੀ ਇਸ ਫ਼ਿਲਮ ਵਿਚ ਹਰੀਸ਼ ਵਰਮਾ, ਰੁਬੀਨਾ ਬਾਜਵਾ, ਰੂਪੀ ਗਿੱਲ, ਪ੍ਰਕਾਸ਼ ਗਾਧੂ, ਅੰਬਰਦੀਪ ਸਿੰਘ ਸਮੇਤ ਕਈ ਹੋਰ ਵਧੀਆ ਕਲਾਕਾਰ ਹਨ। ਟ੍ਰੇਲਰ ਦੇਖ ਕੇ ਅੰਦਾਜ਼ਾ ਲੱਗ ਜਾਂਦਾ ਹੈ ਕਿ 'ਲਾਈਏ ਜੇ ਯਾਰੀਆਂ' ਰਵਾਇਤੀ ਫ਼ਿਲਮਾਂ ਤੋਂ ਬਿਲਕੁਲ ਹਟਵੀਂ ਹੈ, ਜਿਸ ਦੀ ਕਹਾਣੀ ਪਾਏਦਾਰ ਹੋਣ ਦੀ ਸੰਭਾਵਨਾ ਹੈ।
ਇਹ ਜਾਣਦਿਆਂ ਕਿ ਅਮਰਿੰਦਰ ਗਿੱਲ ਦੀ ਫ਼ਿਲਮ ਦਾ ਪ੍ਰਚਾਰ ਸੰਖੇਪ ਰਹਿੰਦਾ ਹੈ, ਦਰਸ਼ਕਾਂ ਨੇ ਇਸ ਦੇ ਪ੍ਰਚਾਰ ਦਾ ਜ਼ਿੰਮਾ ਖੁਦ ਚੁੱਕਿਆ ਲੱਗਦਾ ਹੈ। ਟ੍ਰੇਲਰ ਨੂੰ ਅੱਗੇ ਤੋਂ ਅੱਗੇ ਸ਼ੇਅਰ ਕੀਤਾ ਜਾ ਰਿਹਾ ਹੈ। ਗਾਣਿਆਂ ਦੀ ਰਿੰਗ ਟੋਨ ਲੱਗ ਰਹੀ ਹੈ। ਫ਼ਿਲਮ ਦੇ ਨਿਰਦੇਸ਼ਕ ਸੁੱਖ ਸੰਘੇੜਾ ਹਨ ਅਤੇ ਕਹਾਣੀ ਧੀਰਜ ਰਤਨ ਦੀ ਲਿਖੀ ਹੋਈ ਹੈ। ਇਸ ਫ਼ਿਲਮ ਦੀ ਇੰਨੀ ਬੇਸਬਰੀ ਨਾਲ ਉਡੀਕ ਦਾ ਵੱਡਾ ਕਾਰਣ ਅਮਰਿੰਦਰ ਗਿੱਲ 'ਤੇ ਦਰਸ਼ਕਾਂ ਦਾ ਭਰੋਸਾ ਹੈ। ਦਰਸ਼ਕ ਜਾਣਦੇ ਹਨ ਕਿ ਅਮਰਿੰਦਰ ਗਿੱਲ ਦੀ ਫ਼ਿਲਮ ਪਾਏਦਾਰ ਹੀ ਹੋਵੇਗੀ। ਜਿਵੇਂ ਬਾਲੀਵੁੱਡ ਵਿਚ ਆਮਿਰ ਖ਼ਾਨ ਦਾ ਕੋਈ ਬਦਲ ਨਹੀਂ ਤੇ ਉਨ੍ਹਾਂ ਦੀ ਹਰ ਫ਼ਿਲਮ ਕਾਮਯਾਬੀ ਦਾ ਨਵਾਂ ਇਤਿਹਾਸ ਰਚਦੀ ਹੈ, ਉਵੇਂ 'ਅੰਗਰੇਜ਼' ਤੋਂ ਬਾਅਦ ਅਮਰਿੰਦਰ ਗਿੱਲ ਦੀ ਹਰ ਫ਼ਿਲਮ ਵੀ ਨਵਾਂ ਮੀਲ ਪੱਥਰ ਸਾਬਤ ਹੁੰਦੀ ਹੈ।+


Tags: Laiye Je YaarianAmrinder GillHarish VermaSukh SangheraBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari