FacebookTwitterg+Mail

B'day Spl: ਸੂਫੀਆਨਾ ਸ਼ਾਇਰੀ ਅਤੇ ਸੰਗੀਤ 'ਚ ਗੁੱਝੀਆਂ ਰਮਜ਼ਾਂ ਦੀ ਪੇਸ਼ਕਾਰੀ ਨਾਲ ਲਖਵਿੰਦਰ ਵਡਾਲੀ ਨੇ ਕਾਇਮ ਕੀਤੀ ਵੱਖਰੀ ਪਛਾਣ

    1/9
20 April, 2017 10:44:07 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਲਖਵਿੰਦਰ ਵਡਾਲੀ ਦਾ ਅੱਜ 38ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 20 ਅਪ੍ਰੈਲ 1978 ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਲਖਵਿੰਦਰ ਵਡਾਲੀ ਨੇ ਮਿਊਜ਼ਿਕ ਦੀ ਮਾਸਟਰ ਡਿਗਰੀ ਅਤੇ ਪੀ. ਐੱਚ. ਡੀ. ਕਲਾਸੀਕਲ ਮਿਊਜ਼ਿਕ 'ਚ ਕੀਤੀ ਹੈ। ਉਨ੍ਹਾਂ ਨੇ ਕਈ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ। ਉਨ੍ਹਾਂ ਦੀਆਂ ਮੁੱਖ ਐਲਬਮ 'ਨੈਨਾ ਦੇ ਬੂਹੇ' ਕਾਫੀ ਪ੍ਰਸਿੱਧ ਹੋਈ ਹੈ।
ਸੂਫੀਆਨਾ ਸ਼ਾਇਰੀ ਅਤੇ ਸੰਗੀਤ 'ਚ ਗੁੱਝੀਆਂ ਰਮਜ਼ਾਂ ਦੀ ਪੇਸ਼ਕਾਰੀ ਨੇ ਅਕਸਰ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਦੀ ਗੱਲ ਬੜੀ ਸਫਲਤਾ ਸਹਿਤ ਕੀਤੀ ਹੈ। ਇਸ ਦੀ ਇਕ ਲਾਜਵਾਬ ਮਿਸਾਲ ਹੈ ਲਖਵਿੰਦਰ ਵਡਾਲੀ ਦੀ ਪੇਸ਼ਕਾਰੀ 'ਕਮਲੀ ਯਾਰ ਦੀ', ਜਿਸ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਵਡਾਲੀ ਦੀ ਆਵਾਜ਼ ਜਿੱਥੇ ਗੀਤ ਦੇ ਬੋਲਾਂ ਨੂੰ ਅਰਥ ਪ੍ਰਦਾਨ ਕਰਦੀ ਹੈ ਉੱਥੇ ਸੁਣਨ ਵਾਲਿਆਂ ਦੇ ਦਿਲਾਂ ਨੂੰ ਧੂਹ ਵੀ ਪਾਉਂਦੀ ਹੈ। ਇਸ ਪੇਸ਼ਕਾਰੀ ਰਾਹੀਂ ਇਸ ਗੱਲ ਨੂੰ ਸਾਰਥਕ ਕੀਤਾ ਗਿਆ ਹੈ ਕਿ ਰੱਬ ਦੀ ਰਜ਼ਾ 'ਚ ਰੰਗੀਆਂ ਰੂਹਾਂ ਨਾਲ ਕੋਈ ਧੱਕਾ ਨਹੀਂ ਚੱਲ ਸਕਦਾ, ਭਾਵੇਂ ਇਹ ਧੱਕਾ ਕਰਨ ਵਾਲਾ ਉਸ ਰੂਹ ਦਾ ਬਾਪ ਹੀ ਕਿਉਂ ਨਾ ਹੋਵੇ। ਇਸ ਕਾਰਨ ਹੀਰ ਲਈ ਰਾਂਝੇ ਦਾ ਮਿਲਾਪ ਰੱਬ ਦਾ ਮਿਲਾਪ ਹੋ ਨਿੱਬੜਦਾ ਹੈ। ਇਸ ਰਚਨਾ 'ਚ ਬਾਬਾ ਬੁਲੇਸ਼ਾਹ ਦੇ ਕਲਾਮ ਨੂੰ ਲਖਵਿੰਦਰ ਵਡਾਲੀ ਨੇ ਗੁਰਮੀਤ ਦੇ ਸੰਗੀਤ 'ਚ ਧੁਰ ਅੰਦਰ ਖੁੱਭ ਕੇ ਨਿਭਾਇਆ ਹੈ। ਵਡਾਲੀ ਦੇ ਇਸ ਗੀਤ ਨੂੰ ਸਰੋਤਿਆਂ ਦਾ ਢੇਰ ਸਾਰਾ ਪਿਆਰ ਮਿਲ ਰਿਹਾ ਹੈ।

Tags: Lakhwinder WadaliAmritsarbirthdayਲਖਵਿੰਦਰ ਵਡਾਲੀਜਨਮਦਿਨ