ਮੁੰਬਈ(ਬਿਊਰੋ)- 80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਅਤੇ ਸ਼ਰਧਾ ਕਪੂਰ ਦੀ ਮਾਸੀ ਪਦਮਨੀ ਕੋਹਲਾਪੁਰੀ ਲੰਬੇ ਸਮੇਂ ਬਾਅਦ ਫਿਲਮ ਇੰਡਸਟਰੀ ’ਚ ਵਾਪਸੀ ਕਰਨ ਜਾ ਰਹੀ ਹੈ। ਫਿਲਮ ‘ਪਾਣੀਪਤ’ ਵਿਚ ਪਦਮਨੀ ਗੋਪਿਕਾ ਬਾਈ ਦਾ ਕਿਰਦਾਰ ਨਿਭਾ ਰਹੀ ਹੈ। ਹਾਲ ਹੀ ਵਿਚ ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ, ਜਿਸ ਵਿਚ ਪਦਮਨੀ ਦੀ ਝਲਕ ਦਿਖਾਈ ਦਿੱਤੀ ਸੀ। ਹੁਣ ਲਤਾ ਮੰਗੇਸ਼ਕਰ ਨੇ ਪਦਮਨੀ ਕੋਲਹਾਪੁਰੀ ਨੂੰ ਲੈ ਕੇ ਇਕ ਟਵੀਟ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ,‘‘ਨਮਸਕਾਰ। ਮੇਰੀ ਭਾਣਜੀ ਪਦਮਨੀ ਕੋਲਹਾਪੁਰੀ ਇਕ ਬਹੁਤ ਵਧੀਆ ਕਲਾਕਾਰ ਹੈ। ਹੁਣ ਉਹ ‘ਪਾਣੀਪਤ’ ਫਿਲਮ ਵਿਚ ਗੋਪਿਕਾ ਬਾਈ ਦਾ ਕਿਰਦਾਰ ਨਿਭਾ ਰਹੀ ਹੈ। ਮੈਂ ਕੋਲਹਾਪੁਰੀ ਨੂੰ ਆਸ਼ੀਰਵਾਦ ਦਿੰਦੀ ਹਾਂ। ਨਾਲ ਹੀ ਆਸ਼ੂਤੋਸ਼ ਅਤੇ ਉਨ੍ਹਾਂ ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦੀ ਹਾਂ।’’
ਇਸ ਟਵੀਟ ਨਾਲ ਲਤਾ ਨੇ ਪਦਮਨੀ ਦਾ ਲੁੱਕ ਵੀ ਸ਼ੇਅਰ ਕੀਤਾ। ਅਸਲ ਵਿਚ ਪਦਮਨੀ ਲੱਗਭੱਗ ਛੇ ਸਾਲ ਬਾਅਦ ਦੇ ਬ੍ਰੇਕ ਤੋਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰਨ ਜਾ ਰਹੀ ਹੈ। ਫਿਲਮ ‘ਪ੍ਰੇਮ ਰੋਗ’ ਤੋਂ ਲੈ ਕੇ ‘ਵੋ ਸਾਤ ਦਿਨ’ ਅਤੇ ‘ਵਿਧਾਤਾ’ ਤੱਕ ਸਾਰੇ ਫਿਲਮਾਂ ਵਿਚ ਪਦਮਨੀ ਦੇ ਕੰਮ ਨੂੰ ਸਰਾਹਿਆ ਗਿਆ ਹੈ। ਉਨ੍ਹਾਂ ਨੂੰ ਆਖਰੀ ਵਾਰ ਸ਼ਾਹਿਦ ਕਪੂਰ ਦੀ ਫਿਲਮ ‘ਫੱਟਾ ਪੋਸਟਰ ਨਿਕਲਾ ਹੀਰੋ’ ਵਿਚ ਦੇਖਿਆ ਗਿਆ ਸੀ । ਫਿਲਮ ‘ਪਾਨੀਪਤ’ ਦੀ ਗੱਲ ਕਰੀਏ ਤਾਂ ਇਸ ਨੂੰ ਡਾਇਰੈਕਟਰ ਆਸ਼ੂਤੋਸ਼ ਗੋਵਾਰੀਕਰ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਵਿਚ 1761 ਵਿਚ ਹੋਈ ਪਾਨੀਪਤ ਦੀ ਲੜਾਈ ਨੂੰ ਦਿਖਾਇਆ ਜਾਵੇਗਾ। ਅਰਜੁਨ ਕਪੂਰ ਇਸ ਫਿਲਮ ਵਿਚ ਮਰਾਠਾ ਜੋਧਾ ਸਦਾਸ਼ਿਵ ਰਾਵ ਭਾਊ ਦਾ ਕਿਰਦਾਰ ਨਿਭਾ ਰਹੇ ਹਨ।
ਇਸ ਫਿਲਮ ਵਿਚ ਸੰਜੈ ਦੱਤ ਅਤੇ ਕਿ੍ਰਤੀ ਸੇਨਨ ਵੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਅਰਜੁਨ ਨੇ ਹਾਲ ਹੀ ਵਿਚ ਫਿਲਮ ਤੋਂ ‘ਸ਼ਮਸ਼ੇਰ ਬਹਾਦੁਰ’ ਅਤੇ ‘ਸ਼ੂਜਾ-ਉਦ-ਦੌਲਾ’ ਦੇ ਪੋਸਟਰ ਸ਼ੇਅਰ ਕੀਤੇ ਸਨ। ਸ਼ਮਸ਼ੇਰ ਬਹਾਦੁਰ ਦੇ ਕਿਰਦਾਰ ਵਿਚ ਸਾਹਿਲ ਸਲਾਥਿਆ ਦਿਖਾਈ ਦੇ ਰਹੇ ਹਨ। ਇਸ ਫਿਲਮ ਤੋਂ ਜ਼ੀਨਤ ਅਮਾਨ ਵੀ ਲੰਬੇ ਸਮੇਂ ਬਾਅਦ ਬਾਲੀਵੁੱਡ ਵਿਚ ਵਾਪਸੀ ਕਰਨ ਜਾ ਰਹੀ ਹੈ। ਫਿਲਮ ਵਿਚ ਉਨ੍ਹਾਂ ਦਾ ਕਿਰਦਾਰ ਸਕੀਨਾ ਬੇਗਮ ਦਾ ਹੋਵੇਗਾ।