ਜਲੰਧਰ (ਬਿਊਰੋ) — ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਇਕ ਅਜਿਹੇ ਗਾਇਕ ਹਨ, ਜੋ ਮਿਹਨਤ ਅਤੇ ਸੰਘਰਸ਼ ਦੀ ਭੱਠੀ 'ਚ ਤਪ ਕੇ ਸੋਨਾ ਬਣ ਗਏ ਹਨ। ਲਹਿੰਬਰ ਹੁਸੈਨਪੁਰੀ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਊਨਾ ਸ਼ਹਿਰ 'ਚ ਹੋਇਆ ਸੀ ਪਰ ਇਸ ਤੋਂ ਬਾਅਦ ਉਹ ਪੰਜਾਬ ਦੇ ਜਲੰਧਰ ਸ਼ਹਿਰ ਕੋਲ ਸਥਿਤ ਇਕ ਪਿੰਡ ਕੋਲ ਆ ਕੇ ਵੱਸ ਗਏ ਸਨ। ਲਹਿੰਬਰ ਹੁਸੈਨਪੁਰੀ ਅੱਜ ਜਿਸ ਬੁਲੰਦੀਆਂ 'ਤੇ ਹਨ, ਉਸ ਮੁਕਾਮ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ ਸੀ।
ਲਹਿੰਬਰ ਹੁਸੈਨਪੁਰੀ ਦੇ ਘਰ 'ਚ ਚਾਰ ਭਰਾ ਅਤੇ ਪਿਤਾ ਸਨ। ਜਦੋਂਕਿ ਮਾਂ ਅਤੇ ਕੋਈ ਵੀ ਭੈਣ ਨਾਂ ਹੋਣ ਕਾਰਨ ਘਰ ਦਾ ਸਾਰਾ ਕੰਮ ਕਾਜ ਉਨ੍ਹਾਂ ਨੂੰ ਖੁਦ ਹੀ ਕਰਨਾ ਪੈਂਦਾ ਸੀ ਅਤੇ ਰੋਟੀ ਤੱਕ ਲਹਿੰਬਰ ਹੁਸੈਨਪੁਰੀ ਪਕਾਉਂਦੇ ਸਨ। ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਰਿਵਾਰ 'ਚੋਂ ਹੀ ਮਿਲੀ ਸੀ। ਉਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਬਚਪਨ 'ਚ ਹੀ ਸ਼ੁਰੂ ਹੋ ਗਈ ਸੀ। ਪਿੰਡ ਦੇ ਸਕੂਲ 'ਚ ਪੜਨ ਵਾਲੇ ਲਹਿੰਬਰ ਨੇ ਸਕੂਲ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।
ਇਸ ਤੋਂ ਇਲਾਵਾ ਘਰ ਦੇ ਗੁਜ਼ਾਰੇ ਲਈ ਵੀ ਉਨ੍ਹਾਂ ਨੂੰ ਮਿਹਨਤ ਕਰਨੀ ਪੈਂਦੀ ਸੀ। ਖੇਤਾਂ 'ਚ ਵਾਢੀ ਵੇਲੇ ਉਹ ਕੰਬਾਇਨਾਂ ਦੇ ਪਿੱਛੇ ਸਿੱਟੇ ਇੱਕਠੇ ਕਰਦੇ ਸਨ ਅਤੇ ਉਨ੍ਹਾਂ 'ਚੋਂ ਦਾਣੇ ਕੱਢ ਕੇ ਵੇਚ ਕੇ ਪੈਸੇ ਜਮਾ ਕਰਦੇ। ਬਚਪਨ 'ਚ ਲਹਿੰਬਰ ਹੁਸੈਨਪੁਰੀ ਅਤੇ ਉਨ੍ਹਾਂ ਦਾ ਭਰਾ ਲਵ ਕੁਸ਼ ਦਾ ਕਿਰਦਾਰ ਵੀ ਡਰਾਮਿਆਂ 'ਚ ਨਿਭਾਉਂਦੇ ਰਹੇ ਹਨ। ਕੁਲਦੀਪ ਨਿਹਾਲੋਵਾਲੀਆ ਨੇ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ 'ਚ ਬਹੁਤ ਸਾਥ ਦਿੱਤਾ।
ਉਨ੍ਹਾਂ ਨੇ ਲਹਿੰਬਰ ਦੀ ਮੁਲਾਕਾਤ ਉਨ੍ਹਾਂ ਦੇ ਗੁਰੁ ਨਾਲ ਕਰਵਾਈ। ਗਾਇਕੀ ਦੇ ਗੁਰੂ ਉਨ੍ਹਾਂ ਨੇ ਰਜਿੰਦਰਪਾਲ ਰਾਣਾ, ਜੋ ਕਿ ਡੀ. ਏ. ਵੀ. ਕਾਲਜ 'ਚ ਪ੍ਰੋਫੈਸਰ ਹਨ ਉਨ੍ਹਾਂ ਤੋਂ ਲਏ। ਰਜਿੰਦਰਪਾਲ ਰਾਣਾ ਨਾਲ ਉਨ੍ਹਾਂ ਦੀ ਮੁਲਾਕਾਤ ਉਨ੍ਹਾਂ ਦੇ ਇਕ ਦੋਸਤ ਨੇ ਹੀ ਕਰਵਾਈ ਸੀ।
ਬੇਸ਼ੱਕ ਕੁਲਦੀਪ ਨਿਹਾਲੋਵਾਲੀਆ ਅੱਜ ਇਸ ਦੁਨੀਆ 'ਤੇ ਨਹੀਂ ਹਨ ਪਰ ਲਹਿੰਬਰ ਹੁਸੈਨਪੁਰੀ ਉਸ ਦਾ ਅਹਿਸਾਨ ਨਹੀਂ ਭੁੱਲਦੇ। ਸੰਘਰਸ਼ ਦੀ ਭੱਠੀ 'ਚ ਤਪ ਕੇ ਸੋਨਾ ਬਣੇ ਲਹਿੰਬਰ ਹੁਸੈਨਪੁਰੀ ਦਾ ਹੁਣ ਖੁਦ ਐੱਲ. ਐੱਚ. ਕੰਪਨੀ ਬਣਾਈ ਹੈ। ਉਨਾਂ ਦੇ ਬਾਲੀਵੁੱਡ 'ਚ ਵੀ ਕਈ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ 'ਚੋਂ 'ਕਦੇ ਸਾਡੀ ਗਲੀ ਵੀ ਭੁੱਲ ਕੇ ਆਇਆ ਕਰੋ', 'ਜਿੰਨੇ ਗਲ ਦੇ ਗਾਨੀ ਦੇ ਤੇਰੇ ਮਣਕੇ' ਤੋਂ ਇਲਾਵਾ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ।