ਜਲੰਧਰ(ਬਿਊਰੋ)— 'ਬੰਦਗੀ', 'ਦਿਲ ਦਾ ਖਿਡੌਣਾ', 'ਸ਼ੇਰ ਪੰਜਾਬੀ', 'ਨਹੀਂ ਜੀਣਾ', 'ਸੋਹਣੀ ਜਿਹੀ ਮੁਟਿਆਰ', 'ਗੱਲ ਮੇਰੀ ਸੁਣ ਜਾ' ਆਦਿ ਹਿੱਟ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਤੇ ਸਰੋਤਿਆਂ ਦੇ ਦਿਲਾਂ ਵਿਚ ਵਿਸ਼ੇਸ਼ ਥਾਂ ਰੱਖਦੇ ਗਾਇਕ ਨਿਰਮਲ ਸਿੱਧੂ ਦਾ ਸਿੰਗਲ ਟਰੈਕ 'ਲੋਹੜੀ ਕੁੜੀਆਂ ਦੀ' 12 ਜਨਵਰੀ ਨੂੰ ਵਿਸ਼ਵ ਭਰ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ।
ਇਸ ਮਕਸਦ ਲਈ ਗਾਇਆ ਲੋਹੜੀ ਦਾ ਗੀਤ
ਹਿੱਟ ਮੇਕਰ ਰਿਕਾਰਡਜ਼ ਤੇ ਮਾਲਵਾ ਗਰੁੱਪ ਆਫ ਇੰਸਟੀਚਿਊਸ਼ਨ ਦੀ ਪੇਸ਼ਕਸ਼ ਇਸ ਗੀਤ ਦੇ ਕਲਮਕਾਰ ਵੀ ਨਿਰਮਲ ਸਿੱਧੂ ਹਨ ਅਤੇ ਸੰਗੀਤ ਨਾਲ ਟੀਮ ਸਟੂਡੀਓ ਨੇ ਸ਼ਿੰਗਾਰਿਆ ਹੈ। ਗਾਇਕ ਨਿਰਮਲ ਸਿੱਧੂ ਨੇ ਦੱਸਿਆ ਕਿ ਉਨਾਂ ਦਾ ਇਹ ਗੀਤ ਕਰਨ ਦਾ ਮਕਸਦ ਲੋਕਾਂ ਨੂੰ ਕੁੜੀਆਂ ਦੀ ਲੋਹੜੀ ਮਨਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਕਿ ਸਮਾਜ ਵਿਚ ਉਨਾਂ ਨਾਲ ਹੁੰਦਾ ਭੇਦਭਾਵ ਦੂਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਸਮਾਜ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਅਤੇ ਪੁੱਤਰ ਹੀ ਮਿੱਠੜੇ ਮੇਵੇ ਨਹੀਂ ਹੁੰਦੇ ਸਗੋਂ ਧੀਆਂ ਵੀ ਪਰਿਵਾਰ ਤੇ ਸਮਾਜ ਵਿਚ ਪੁੱਤਰਾਂ ਬਰਾਬਰ ਹੱਕ ਤੇ ਪਿਆਰ ਦੀਆਂ ਹੱਕਦਾਰ ਹੁੰਦੀਆਂ ਹਨ ਅਤੇ ਉਨਾਂ ਨੂੰ ਸਮਾਜ ਵਿਚ ਪੜਨ-ਲਿਖਣ ਅਤੇ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ।