ਜਲੰਧਰ(ਬਿਊਰੋ)— 'ਬਾਪੂ ਜ਼ਿੰਦਾਬਾਦ', 'ਲਵਲੀ ਦਾ ਗਾਣਾ', 'ਕਸ਼ਮੀਰੀ ਗੇਟ' ਵਰਗੇ ਗੀਤਾਂ ਨਾਲ ਲਵਲੀ ਨੂਰ ਨੇ ਕਾਫੀ ਪ੍ਰਸਿੱਧੀ ਖੱਟੀ ਹੈ। ਹਾਲ ਹੀ 'ਚ ਉਨ੍ਹਾਂ ਦਾ ਨਵਾਂ ਗੀਤ 'ਲਵ ਯੂ ਬੇਬੇ' ਰਿਲੀਜ਼ ਹੋਇਆ ਹੈ। ਇਸ ਦੇ ਬੋਲ ਲਵਲੀ ਨੂਰ ਵਲੋਂ ਹੀ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ਬੀਟ ਮਿਨਿਸਟਰ ਵਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ 62 ਵੈਸਟ ਸਟੂਡੀਓ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਗੀਤ 'ਚ ਲਵਲੀ ਨੂਰ ਨੇ ਪੁੱਤ ਦਾ ਮਾਂ ਪ੍ਰਤੀ ਅਤੇ ਮਾਂ ਦਾ ਧੀ ਪ੍ਰਤੀ ਪਿਆਰ ਦਿਖਾਇਆ ਹੈ। ਗੀਤ 'ਚ ਲਵਲੀ ਨੂਰ ਆਖਦੇ ਹਨ ਕਿ ''ਲਵ ਯੂ ਤੇਰੇ ਨਾਲ ਬੇਬੇ ਮੇਰੀਏ, ਮੈਂ ਸੁੱਖ ਮਾਣਾਂ ਤੇਰੀ ਧੀ ਬਣ ਕੇ''।
ਦੱਸਣਯੋਗ ਹੈ ਕਿ ਲਵਲੀ ਨੂਰ ਦੇ ਗੀਤਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ ਭਾਵੇਂ ਗੀਤ ਉਨ੍ਹਾਂ ਨੇ ਗਾਇਆ ਹੋਵੇ ਜਾਂ ਉਨ੍ਹਾਂ ਦੇ ਲਿਖੇ ਬੋਲ ਹੋਣ। ਇਨ੍ਹਾਂ ਦੇ ਗੀਤਾਂ 'ਚ ਹਮੇਸ਼ਾ ਕੋਈ ਨਾ ਕੋਈ ਸੁਨੇਹਾ/ਮੈਸੇਜ ਜ਼ਰੂਰ ਮਿਲਦਾ ਹੈ। ਦੱਸ ਦੇਈਏ ਕਿ ਲਵਲੀ ਨੂਰ ਗਾਇਕੀ ਤੋਂ ਇਲਾਵਾ ਗੀਤ ਵੀ ਲਿਖਦੇ ਹਨ। ਹੁਣ ਤੱਕ ਲਵਲੀ ਨੂਰ 'ਅਣਖ', 'ਟਰੱਕਾਂ ਵਾਲੇ' ਵਰਗੇ ਕਈ ਗੀਤ ਲਿਖ ਚੁੱਕੇ ਹਨ, ਜਿਨ੍ਹਾਂ ਨੂੰ ਪਾਲੀਵੁੱਡ ਇੰਡਸਟਰੀ ਦੇ ਕਈ ਨਾਮੀ ਗਾਇਕ ਗਾ ਚੁੱਕੇ ਹਨ।