ਮੁੰਬਈ(ਬਿਊਰੋ)— ਆਪਣੀ ਮੁਸਕਾਨ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਮਾਧੁਰੀ ਦੀਕਸ਼ਿਤ ਹੁਣ ਨਵੀਂ ਭੂਮਿਕਾ 'ਚ ਨਜ਼ਰ ਆਵੇਗੀ। ਐਕਟਿੰਗ ਤੋਂ ਇਲਾਵਾ ਹੁਣ ਮਾਧੁਰੀ ਨਿਰਮਾਤਾ ਵੀ ਬਣ ਗਈ ਹੈ। ਮਾਧੁਰੀ ਨੇ ਆਪਣੇ ਪਤੀ ਨਾਲ ਮਿਲ ਸ਼੍ਰੀਰਾਮ ਨੇਨੇ ਨਾਲ ਮਿਲ ਕੇ ਇਸ ਨਵੇਂ ਪ੍ਰੋਫੈਸ਼ਨ 'ਚ ਕਦਮ ਰੱਖਿਆ ਹੈ। ਮਾਧੁਰੀ ਦੀਕਸ਼ਿਤ ਨੇ ਖੁਦ ਕੁਝ ਦਿਨ ਪਹਿਲਾਂ ਇਹ ਜਾਣਕਾਰੀ ਦਿੱਤੀ ਸੀ। ਹੁਣ ਉਸ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ ਦੀ ਸ਼ੂਟਿੰਗ ਦਾ ਮੂਹਰਤ ਕਲੈਪ ਕੀਤਾ ਹੈ। ਮਾਧੁਰੀ ਨਾਲ ਉਸ ਦੇ ਪਤੀ ਵੀ ਮੌਜ਼ੂਦ ਰਹੇ।
ਮਾਧੁਰੀ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਕਲੈਪਬੋਰਡ ਨੂੰ ਹਿੱਟ ਕਰਦੀ ਨਜ਼ਰ ਆ ਰਹੀ ਹੈ। ਮਾਧੁਰੀ ਦੇ ਪ੍ਰੋਡਕਸ਼ਨ ਹਾਊਸ ਦਾ ਨਾਂ 'ਆਰ. ਐੱਨ. ਐੱਮ. ਮੂਵੀ ਪ੍ਰੋਡਕਸ਼ਨ' ਰੱਖਿਆ ਗਿਆ ਹੈ। ਪਹਿਲੀ ਫਿਲਮ ਇਕ ਮਰਾਠੀ ਹੈ, ਜਿਸ ਦਾ ਨਾਂ '15 ਅਗਸਤ' ਰੱਖਿਆ ਗਿਆ ਹੈ। ਪ੍ਰੋਡਕਸ਼ਨ ਹਾਊਸ ਬਾਰੇ ਗੱਲ ਕਰਦੇ ਹੋਏ ਮਾਧੁਰੀ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ, ''ਇਹ ਮੇਰੇ ਐਕਟਿੰਗ ਕਰੀਅਰ ਨਾਲੋਂ ਕਾਫੀ ਵੱਖ ਹੈ। ਇਥੇ ਮੇਰੇ ਕੋਲ ਫੈਸਲਾ ਲੈਣ ਦੀ ਆਜ਼ਾਦੀ ਵੀ ਹੈ।''
ਦੱਸਣਯੋਗ ਹੈ ਕਿ ਮਾਧੁਰੀ ਦੀਕਸ਼ਿਤ ਇਨੀ ਦਿਨੀਂ ਫਿਲਮ 'ਬਕੇਟ ਲਿਸਟ' ਨਾਲ ਮਰਾਠੀ ਸਿਨੇਮਾ 'ਚ ਕਦਮ ਰੱਖਣ ਜਾ ਰਹੀ ਹੈ। ਇਸ ਤੋਂ ਇਲਾਵਾ ਬਾਲੀਵੁੱਡ 'ਚ ਵੀ ਉਸ ਕੋਲ ਕਈ ਫਿਲਮਾਂ ਹਨ। ਹਾਲ ਹੀ 'ਚ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨੇ ਟਵੀਟ ਕਰਕੇ ਦੱਸਿਆ ਸੀ ਕਿ ਇਕ ਫਿਲਮ 'ਚ ਜੋ ਕਿਰਦਾਰ ਸ਼੍ਰੀਦੇਵੀ ਕਰਨ ਵਾਲੀ ਸੀ ਉਹ ਹੁਣ ਮਾਧੁਰੀ ਦੀਕਸ਼ਿਤ ਕਰੇਗੀ। 'ਗੁਲਾਬ ਗੈਂਗ' ਤੋਂ ਬਾਅਦ ਉਹ ਕਿਸੇ ਵੀ ਵੱਡੀ ਫਿਲਮ 'ਚ ਨਜ਼ਰ ਨਹੀਂ ਆਈ।