ਇੰਦੌਰ (ਭਾਸ਼ਾ) - ਮਸ਼ਹੂਰ ਗਾਇਕਾ ਸੁਮਨ ਕਲਿਆਣਪੁਰ ਅਤੇ ਮਸ਼ਹੂਰ ਸੰਗੀਤਕਾਰ ਕੁਲਦੀਪ ਸਿੰਘ ਨੂੰ ਮੱਧ ਪ੍ਰਦੇਸ਼ ਸਰਕਾਰ ਦੇ ਮਸ਼ਹੂਰ ਰਾਸ਼ਟਰੀ ਲਤਾ ਮੰਗੇਸ਼ਕਰ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਬੇ ਦੀ ਸੰਸਕ੍ਰਿਤੀ ਮੰਤਰੀ ਵਿਜੇ ਲਕਸ਼ਮੀ ਸਾਧੌ ਨੇ ਇਥੇ ਬੁੱਧਵਾਰ ਰਾਤ ਸੁਮਨ ਕਲਿਆਣਪੁਰ ਨੂੰ ਸਾਲ 2017 ਦਾ ਰਾਸ਼ਟਰੀ ਲਤਾ ਮੰਗੇਸ਼ਕਰ ਸਨਮਾਨ ਦਿੱਤਾ। ਇਸ ਦੇ ਨਾਲ ਹੀ ਸਿੰਘ ਨੂੰ ਸਾਲ 2018 ਦੇ ਰਾਸ਼ਟਰੀ ਲਤਾ ਮੰਗੇਸ਼ਕਰ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਾਧੌ ਨੇ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਰਾਸ਼ਟਰੀ ਲਤਾ ਮੰਗੇਸ਼ਕਰ ਸਨਮਾਨ ਸਮਾਰੋਹ ਨੂੰ ਪਿਛਲੇ 7 ਸਾਲਾਂ ਤੋਂ ਸਰਕਾਰੀ ਡੱਬੇ ’ਚ ਬੰਦ ਕਰ ਦਿੱਤਾ ਗਿਆ ਸੀ, ਜਿਸ ਨਾਲ ਇਸ ਦੀ ਰੌਣਕ ਗੁਆਚ ਗਈ ਸੀ। ਅਸੀਂ ਮੁੱਖ ਮੰਤਰੀ ਕਮਲਨਾਥ ਦੇ ਨਿਰਦੇਸ਼ ’ਤੇ ਇਸ ਸਮਾਰੋਹ ਦਾ ਆਯੋਜਨ ਪੁਰਾਣੀ ਸ਼ਾਨ ਨਾਲ ਮੁੜ ਸ਼ੁਰੂ ਕੀਤਾ ਹੈ।