ਮੁੰਬਈ (ਬਿਊਰੋ) - ਦੂਰਦਰਸ਼ਨ 'ਤੇ ਅਜਿਹੇ ਕਈ ਸੀਰੀਅਲ ਦਿਖਾਏ ਜਾਂਦੇ ਸਨ, ਜੋ ਸਿੱਖਿਆਦਾਇਕ ਹੁੰਦੇ ਸਨ। ਇਸ ਦੇ ਨਾਲ ਹੀ ਕੁਝ ਅਜਿਹੇ ਵੀ ਸੀਰੀਅਲ ਬਣੇ, ਜੋ ਕਿ ਧਰਮ ਨੂੰ ਮੁੱਖ ਰੱਖਦੇ ਸਨ। ਉਨ੍ਹਾਂ 'ਚੋਂ ਹੀ ਇਕ ਸੀਰੀਅਲ ਸੀ 'ਮਹਾਭਾਰਤ', ਜਿਸ ਦਿਨ ਇਹ ਸੀਰੀਅਲ ਆਉੇਣਾ ਹੁੰਦਾ ਸੀ ਲੋਕ ਪਹਿਲਾਂ ਹੀ ਆਪਣਾ ਕੰਮ ਨਿਬੇੜ ਕੇ ਸੀਰੀਅਲ ਦੇਖਣ ਲਈ ਬੈਠ ਜਾਂਦੇ ਸਨ। ਪਹਿਲਾਂ ਟਾਵੇਂ-ਟਾਵੇਂ ਘਰਾਂ 'ਚ ਟੀ. ਵੀ. ਹੋਇਆ ਕਰਦਾ ਸੀ ਅਤੇ ਲੋਕ ਉਸੇ ਘਰ 'ਚ ਇੱਕਠੇ ਬੈਠ ਕੇ ਇਸ ਸੀਰੀਅਲ ਨੂੰ ਦੇਖਦੇ ਸਨ।
ਇਸ ਸੀਰੀਅਲ 'ਚ ਕਿਰਦਾਰ ਨਿਭਾਉਣ ਵਾਲੇ ਅਦਾਕਾਰਾਂ ਨੇ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਅਦਾਕਾਰੀ ਨਾਲ ਖਾਸ ਜਗ੍ਹਾ ਬਣਾ ਲਈ ਸੀ ਅਤੇ ਲੋਕ ਉਨ੍ਹਾਂ ਦੇ ਕਿਰਦਾਰਾਂ ਨੂੰ ਪੂਜਣ ਤੱਕ ਲੱਗ ਗਏ ਸਨ। ਇਹ ਸੀਰੀਅਲ ਲੋਕਾਂ 'ਚ ਬਹੁਤ ਹੀ ਹਰਮਨ ਪਿਆਰਾ ਹੁੰਦਾ ਸੀ। ਸਾਲ 1988 'ਚ ਇਸ ਸੀਰੀਅਲ ਦੀ ਸ਼ੁਰੂਆਤ ਹੋਈ ਸੀ, ਉਸ ਦਹਾਕੇ 'ਚ ਇਹ ਸੀਰੀਅਲ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਲੜੀਵਾਰ ਸੀ। ਇਸ ਸ਼ੋਅ ਦੇ 94 ਐਪੀਸੋਡ ਸ਼ੂਟ ਕੀਤੇ ਗਏ ਸਨ ਪਰ ਮੁੱਦਤ ਬਾਅਦ ਇਸ ਟੀ. ਵੀ. ਸ਼ੋਅ ਦਾ ਇਕ ਵੀਡੀਓ ਟਵਿਟਰ 'ਤੇ ਬਾਲੀਵੁੱਡ ਡਾਇਰੈਕਟ ਦੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਸ਼ੋਅ 'ਚ ਮੁਕੇਸ਼ ਖੰਨਾ ਨੇ ਭੀਸ਼ਮ ਪਿਤਾਮਾ ਦਾ ਰੋਲ ਨਿਭਾਇਆ ਸੀ। ਜਦਕਿ ਗਜੇਂਦਰ ਚੌਹਾਨ, ਗਿਰਿਜਾਸ਼ੰਕਰ ਸਮੇਤ ਕਈ ਨਾਮੀ ਹਸਤੀਆਂ ਨੇ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਪਰ ਇਸ ਵਾਇਰਲ ਹੋ ਰਹੇ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਅਦਾਕਾਰ ਸ਼ੋਅ ਦੇ ਆਖਰੀ ਸੀਰੀਅਲ ਦੀ ਸ਼ੂਟਿੰਗ ਖਤਮ ਹੋਣ 'ਤੇ ਰੋਂਦੇ ਹੋਏ ਨਜ਼ਰ ਆ ਰਹੇ ਹਨ। ਸ਼ੂਟਿੰਗ ਦੇ ਸੈੱਟ 'ਤੇ ਲੋਕਾਂ ਦਾ ਹਜੂਮ ਨਜ਼ਰ ਆ ਰਿਹਾ ਹੈ ਅਤੇ ਸੀਰੀਅਲ ਦੀ ਸਟਾਰਕਾਸਟ ਦੇ ਕੋਸਟਿਊਮ ਅਤੇ ਸ਼ੂਟਿੰਗ ਦਾ ਸਾਰਾ ਸਮਾਨ ਵੀ ਨਜ਼ਰ ਆ ਰਿਹਾ ਹੈ।