ਮੁੰਬਈ (ਬਿਊਰੋ) — ਮਾਲਾ ਸਿਨ੍ਹਾ ਉਨ੍ਹਾਂ ਗਿਣੀਆਂ ਚੁਣੀਆਂ ਅਭਿਨੇਤਰੀਆਂ 'ਚ ਸ਼ੁਮਾਰ ਕੀਤੀ ਜਾਂਦੀ ਹੈ, ਜਿਨ੍ਹਾਂ 'ਚ ਖੂਬਸੂਰਤੀ ਦੇ ਨਾਲ ਬਿਹਤਰੀਨ ਐਕਟਿੰਗ ਦਾ ਵੀ ਸੰਗਮ ਦੇਖਣ ਨੂੰ ਮਿਲਦਾ ਹੈ। 11 ਨਵੰਬਰ 1936 ਨੂੰ ਜਨਮੀ ਮਾਲਾ ਸਿਨ੍ਹਾ ਅਭਿਨੇਤਰੀ ਨਰਗਿਸ ਤੋਂ ਪ੍ਰਭਾਵਿਤ ਸੀ ਅਤੇ ਬਚਪਨ ਤੋਂ ਹੀ ਉਨ੍ਹਾਂ ਦੀ ਤਰ੍ਹਾਂ ਅਭਿਨੇਤਰੀ ਬਣਨ ਦਾ ਸੁਪਨਾ ਦੇਖਿਆ ਕਰਦੀ ਸੀ। ਉਨ੍ਹਾਂ ਦੇ ਬਚਪਨ ਦਾ ਨਾਮ ਆਲਡਾ ਸੀ ਅਤੇ ਸਕੂਲ 'ਚ ਪੜ੍ਹਨ ਵਾਲੇ ਬੱਚੇ ਉਸ ਨੂੰ ਡਾਲਡਾ ਕਹਿ ਕੇ ਬੁਲਾਉਂਦੇ ਸਨ। ਬਾਅਦ 'ਚ ਉਨ੍ਹਾਂ ਨੇ ਆਪਣਾ ਨਾਮ ਅਲਬਟਰ ਸਿਨ੍ਹਾ ਦੀ ਥਾਂ ਮਾਲਾ ਸਿਨ੍ਹਾ ਰੱਖ ਲਿਆ।
ਸਕੂਲ ਦੇ ਇਕ ਨਾਟਕ 'ਚ ਮਾਲਾ ਸਿਨ੍ਹਾ ਦੀ ਐਕਟਿੰਗ ਨੂੰ ਦੇਖ ਕੇ ਬੰਗਾਲੀ ਫਿਲਮਾਂ ਦੇ ਮੰਨੇ ਪ੍ਰਮੰਨੇ ਡਾਇਰੈਕਟਰ ਅਧੇਂਦੂ ਬੋਸ ਉਨ੍ਹਾਂ ਤੋਂ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਆਪਣੀ ਫਿਲਮ 'ਰੌਸ਼ਨਆਰਾ' 'ਚ ਕੰਮ ਕਰਨ ਦੀ ਪੇਸ਼ਕਸ਼ ਕੀਤੀ।
ਉਸ ਦੌਰਾਨ ਉਨ੍ਹਾਂ ਨੇ ਕਈ ਬੰਗਾਲੀ ਫਿਲਮਾਂ 'ਚ ਕੰਮ ਕੀਤਾ। ਸਾਲ 1954 'ਚ ਮਾਲਾ ਸਿਨ੍ਹਾ ਨੂੰ ਪ੍ਰਦੀਪ ਕੁਮਾਰ ਦੇ ਬਾਦਸ਼ਾਹ, ਹੈਮਲੇਟ ਵਰਗੀਆਂ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਉਨ੍ਹਾਂ ਦੀਆਂ ਇਹ ਦੋਵੇਂ ਫਿਲਮਾਂ ਫਲਾਪ ਸਾਬਤ ਹੋਈਆਂ।
ਮਾਲਾ ਸਿਨ੍ਹਾ ਦਾ ਸਿਤਾਰਾ 1957 'ਚ ਪ੍ਰਦਰਸ਼ਿਤ ਕਲਾਸਿਕ ਫਿਲਮ 'ਪਿਆਸਾ' ਨਾਲ ਚਮਕਿਆ। ਸਾਲ 1959 'ਚ ਪ੍ਰਦਰਸ਼ਿਤ ਫਿਲਮ 'ਧੂਲ ਕਾ ਫੂਲ' ਦੇ ਹਿੱਟ ਹੋਣ ਤੋਂ ਬਾਅਦ ਫਿਲਮ ਇੰਡਸਟਰੀ 'ਚ ਮਾਲਾ ਸਿਨ੍ਹਾ ਦੇ ਨਾਮ ਦੇ ਡੰਕੇ ਵੱਜਣੇ ਸ਼ੁਰੂ ਹੋ ਗਏ ਅਤੇ ਇਕ ਤੋਂ ਬਾਅਦ ਇਕ ਮੁਸ਼ਕਲ ਕਿਰਦਾਰ ਨਿਭਾ ਕੇ ਫਿਲਮ ਇੰਡਸਟਰੀ 'ਚ ਸਥਾਪਿਤ ਹੋ ਗਈ।
ਸਾਲ 1961 'ਚ ਮਾਲਾ ਸਿਨ੍ਹਾ ਨੂੰ ਬੀ. ਆਰ. ਚੋਪੜਾ ਦੀ ਫਿਲਮ 'ਧਰਮਪੁੱਤਰ' 'ਚ ਕੰਮ ਕਰਨ ਦਾ ਮੌਕਾ ਮਿਲਿਆ, ਜੋ ਉਨ੍ਹਾਂ ਦੇ ਕਰੀਅਰ ਦੀ ਸੁਪਰਹਿੱਟ ਫਿਲਮ ਸਾਬਤ ਹੋਈ। ਸਾਲ 1966 'ਚ ਮਾਲਾ ਸਿਨ੍ਹਾ ਨੂੰ ਨੇਪਾਲੀ ਫਿਲਮ 'ਮਾਟਿਗਰ' 'ਚ ਕੰਮ ਕਰਨ ਦਾ ਮੌਕਾ ਮਿਲਿਆ।
ਫਿਲਮ ਦੇ ਨਿਰਮਾਣ ਦੌਰਾਨ ਉਨ੍ਹਾਂ ਦੀ ਮੁਲਾਕਾਤ ਫਿਲਮ ਦੇ ਅਭਿਨੇਤਾ ਸੀ.ਪੀ. ਲੋਹਾਨੀ ਨਾਲ ਹੋਈ। ਫਿਲਮ 'ਚ ਕੰਮ ਕਰਨ ਦੌਰਾਨ ਮਾਲਾ ਸਿਨ੍ਹਾ ਨੂੰ ਉਨ੍ਹਾਂ ਨਾਲ ਪਿਆਰ ਹੋ ਗਿਆ ਅਤੇ ਬਾਅਦ 'ਚ ਦੋਵਾਂ ਨੇ ਵਿਆਹ ਕਰ ਲਿਆ। ਮਾਲਾ ਸਿਨ੍ਹਾ ਨੇ ਲਗਭਗ 100 ਫਿਲਮਾਂ 'ਚ ਕੰਮ ਕੀਤਾ।