ਮੁੰਬਈ(ਬਿਊਰੋ)— ਨਿਰਦੇਸ਼ਕ ਵਿਸ਼ਾਲ ਭਾਰਦਵਾਜ ਜਲਦ ਹੀ ਆਪਣੀ ਫਿਲਮ 'ਪਟਾਖਾ' ਲੈ ਕੇ ਆ ਰਹੇ ਹਨ। ਫਿਲਮ ਦਾ ਟਰੇਲਰ ਕਾਫੀ ਜ਼ਬਰਦਸਤ ਹੈ ਤੇ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲੇ ਤੱਕ ਫਿਲਮ ਦਾ ਇਕ ਗੀਤ ਹੀ ਰਿਲੀਜ਼ ਹੋਇਆ ਹੈ, ਜੋ ਮਿਊਜ਼ਿਕ ਚਾਰਟਬਸਟਰ 'ਤੇ ਆਪਣੇ ਜਲਵੇ ਬਿਖੇਰ ਰਿਹਾ ਹੈ। ਫਿਲਮ ਦੀ ਕਹਾਣੀ ਦੋ ਭੈਣਾਂ ਦੁਆਲੇ ਘੁੰਮਦੀ ਹੈ, ਜਿਨ੍ਹਾਂ ਦਾ ਕਿਰਦਾਰ ਸਾਨੀਆ ਮਲਹੋਤਰਾ ਅਤੇ ਰਾਧਿਕਾ ਮਦਾਨ ਨੇ ਕੀਤਾ ਹੈ। ਬੀਤੇ ਦਿਨੀਂ ਖਬਰ ਆਈ ਸੀ ਕਿ ਇਸ ਫਿਲਮ 'ਚ ਮਲਾਇਕਾ ਅਰੋੜਾ ਦਾ 'ਆਈਟਮ ਨੰਬਰ' ਹੋਵੇਗਾ, ਜਿਸ ਨਾਲ ਉਹ 3 ਸਾਲ ਬਾਅਦ ਆਪਣਾ ਧਮਾਕੇਦਾਰ ਕਮਬੈਕ ਕਰ ਰਹੀ ਹੈ।
ਇਸ ਤੋਂ ਪਹਿਲਾਂ ਮਲਾਇਕਾ ਨੇ ਆਖਰੀ ਵਾਰ 'ਡੋਲੀ ਕੀ ਡੋਲੀ' ਫਿਲਮ 'ਚ ਆਈਟਮ ਨੰਬਰ ਕੀਤਾ ਸੀ। ਇਸ ਦੇ ਨਾਲ ਹੀ ਮਲਾਇਕਾ ਕਈ ਫਿਲਮਾਂ 'ਚ ਆਈਟਮ ਨੰਬਰ ਕਰ ਚੁੱਕੀ ਹੈ। ਬਾਲੀਵੁੱਡ 'ਚ ਮਲਾਇਕਾ ਨੂੰ 'ਆਈਟਮ ਗਰਲ' ਵੀ ਕਿਹਾ ਜਾਂਦਾ ਹੈ। ਜੇਕਰ ਗੱਲ 'ਪਟਾਖਾ' ਦੀ ਕੀਤੀ ਜਾਵੇ ਤਾਂ ਇਸ 'ਚ ਮਲਾਇਕਾ 'ਹੈਲੋ-ਹੈਲੋ' ਗੀਤ 'ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਨਜ਼ਰ ਆਵੇਗੀ। ਮਲਾਇਕਾ ਨੇ ਗੀਤ ਦਾ ਆਪਣਾ ਪਹਿਲਾ ਲੁੱਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਉਸ ਨੇ ਕੈਪਸ਼ਨ 'ਚ ਸਿਰਫ 'ਹੈਲੋ-ਹੈਲੋ' ਹੀ ਲਿਖਿਆ ਹੈ। 'ਪਟਾਖਾ' ਦੇ ਦੂਜੇ ਗੀਤ ਨੂੰ ਰੇਖਾ ਭਾਰਦਵਾਜ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਬਾਰੇ ਮਲਾਇਕਾ ਨੇ ਕਿਹਾ ਕਿ ਮੈਂ ਇਸ ਗੀਤ ਦਾ ਹਿੱਸਾ ਬਣਕੇ ਕਾਫੀ ਖੁਸ਼ ਹਾਂ। ਮੈਨੂੰ ਫਿਲਮ ਦੇ ਨਾਂ ਦੇ ਨਾਲ-ਨਾਲ ਇਸ ਗੀਤ ਦਾ ਟਾਈਟਲ ਵੀ ਕਾਫੀ ਪਸੰਦ ਆਇਆ। ਮਲਾਇਕਾ ਦੇ ਆਇਟਮ ਨੰਬਰ ਨੂੰ ਗਣੇਸ਼ ਆਚਾਰੀਆ ਨੇ ਕੋਰੀਓਗ੍ਰਾਫ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਗੀਤ ਦੀ ਸ਼ੂਟਿੰਗ ਪੂਰੀ ਕਰ ਲਈ ਗਈ ਹੈ। ਗੀਤ 'ਚ ਮਲਾਇਕਾ ਨਾਲ 18-20 ਡਾਂਸਰਸ ਵੀ ਹਨ। ਵਿਸ਼ਾਲ ਦੀ 'ਪਟਾਖਾ' 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।