ਜਲੰਧਰ (ਬਿਊਰੋ) — ਦੁਨੀਆ ਭਰ 'ਚ 'ਗੋਲਡਨ ਸਟਾਰ' ਦੇ ਨਾਂ ਨਾਲ ਜਾਣੇ ਜਾਂਦੇ ਮਲਕੀਤ ਸਿੰਘ ਨੂੰ ਪੰਜਾਬੀ ਗਾਇਕੀ ਦੇ ਖੇਤਰ 'ਚ ਵਿਚਰਦਿਆਂ ਹੁਣ ਤੱਕ 3 ਦਹਾਕੇ ਹੋ ਚੁੱਕੇ ਹਨ। ਜਲੰਧਰ ਦੇ ਪਿੰਡ ਹੁਸੈਨਪੁਰ ਦਾ ਜੰਮਪਲ ਮਲਕੀਤ ਸਿੰਘ ਨੇ 1983 'ਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਹੋਏ ਲੋਕ ਗੀਤ ਗਾਇਨ ਮੁਕਾਬਲਿਆਂ 'ਚੋਂ 'ਗੋਲਡ ਮੈਡਲ' ਜਿੱਤ ਕੇ 'ਗੋਲਡਨ ਸਟਾਰ' ਹੋਣ ਦਾ ਮਾਣ ਹਾਸਲ ਕੀਤਾ ਸੀ। ਸਾਲ 1984 'ਚ ਉਹ ਯੂ. ਕੇ. ਆਏ ਅਤੇ ਆਮ ਪੰਜਾਬੀਆਂ ਵਾਂਗ ਰੋਜ਼ੀ ਰੋਟੀ ਲਈ ਦਿਨ-ਰਾਤ ਮਿਹਨਤ ਕਰਨ ਲੱਗੇ ਅਤੇ ਨਾਲ-ਨਾਲ ਅਪਣੀ ਗਾਇਕੀ ਅਤੇ ਭੰਗੜੇ ਨੂੰ ਵੀ ਜਾਰੀ ਰੱਖਿਆ।
ਦੱਸ ਦਈਏ ਕਿ ਮਲਕੀਤ ਦੀ ਪਹਿਲੀ ਐਲਬਮ 'ਗੁੜ ਨਾਲੋਂ ਇਸ਼ਕ ਮਿੱਠਾ' 1986 'ਚ ਰਿਲੀਜ਼ ਹੋਈ, ਜਿਸ 'ਚ ਪੰਜਾਬੀ ਲੋਕ ਬੋਲੀਆਂ ਨੂੰ ਬਹੁਤ ਹੀ ਸਾਦਗੀ ਅਤੇ ਪੁਰਾਤਨ ਢੰਗ ਨਾਲ ਸਿਰਫ ਤਿੰਨ ਸਾਜ਼ਾਂ ਤੂੰਬੀ, ਢੋਲ ਅਤੇ ਹਰਮੋਨੀਅਮ ਵਜਾ ਕੇ ਯੂ. ਕੇ. 'ਚ ਹੀ ਰਿਕਾਰਡ ਕਰਕੇ ਪੰਜਾਬੀ ਗਾਇਕੀ ਦਾ ਅਸਲ ਸਫਰ ਸ਼ੁਰੂ ਕੀਤਾ।
ਐਲਬਮ 'ਤੂਤਕ ਤੂਤਕ ਤੂਤੀਆਂ' ਨੇ ਰਚਿਆ ਇਤਿਹਾਸ
ਸਾਲ 1989 'ਚ ਮਲਕੀਤ ਦੀ ਐਲਬਮ 'ਤੂਤਕ ਤੂਤਕ ਤੂਤੀਆਂ' ਨੇ ਤਾਂ ਸਾਰੇ ਰਿਕਾਰਡ ਹੀ ਤੋੜ ਦਿੱਤੇ। ਇਸ ਐਲਬਮ ਨੂੰ 'ਗਿੰਨੀਜ਼ ਬੁੱਕ ਆਫ ਰਿਕਾਰਡ' 'ਚ ਦਰਜ ਕੀਤਾ ਗਿਆ, ਇਕ ਮਹੀਨੇ ਵਿਚ 3 ਲੱਖ ਐਲਬਮ ਵਿਕਣ ਵਾਲਾ ਇਹ ਰਿਕਾਰਡ ਹੁਣ ਸ਼ਾਇਦ ਹੀ ਟੁੱਟੇ ਕਿਉਂਕਿ ਹੁਣ ਐਲਬਮ ਵਿਕਣ ਵਾਲਾ ਸੱਭਿਆਚਾਰ ਵੀ ਖਤਮ ਹੋ ਚੁੱਕਾ ਹੈ। ਭਾਵੇਂ ਮਲਕੀਤ ਸਿੰਘ ਨੇ ਫਿਲਮਾਂ 'ਚ ਵੀ ਕਿਸਮਤ ਅਜ਼ਮਾਈ ਪਰ ਜ਼ਿਆਦਾ ਰੁਝਾਨ ਉਨ੍ਹਾਂ ਦਾ ਗਾਇਕੀ ਵੱਲ ਹੀ ਰਿਹਾ। ਸਾਲ 1992 ਤੱਕ ਉਹ ਗਾਇਕੀ ਨਾਲ-ਨਾਲ ਮਿਹਨਤ ਮਜ਼ਦੂਰੀ ਵੀ ਕਰਦੇ ਰਹੇ। ਭਾਵੇਂ ਉਨ੍ਹਾਂ ਨੂੰ ਫਿਲਮਾਂ ਵਾਲਿਆਂ ਨੇ ਦਸਤਾਰ ਦੀ ਥਾਂ ਵੈੱਬ ਪਾਉਣ ਦੀ ਵੀ ਪੇਸ਼ਕਸ਼ ਕੀਤੀ ਪਰ ਮਲਕੀਤ ਨੇ ਦਸਤਾਰ ਦੇ ਸਨਮਾਨ ਨਾਲ ਕਦੇ ਸਮਝੌਤਾ ਨਹੀਂ ਕੀਤਾ।
ਬਰਤਾਨੀਆ ਦੀ ਮਹਾਰਾਣੀ ਨੇ ਐਮ. ਬੀ. ਈ. ਦੇ ਖਿਤਾਬ ਨਾਲ ਨਵਾਜਿਆ
ਦੁਨੀਆ ਦੇ 60 ਦੇਸ਼ਾਂ 'ਚ ਲਾਈਵ ਗਾਉਣ ਵਾਲਾ ਸ਼ਾਇਦ ਉਹ ਇਕੱਲਾ ਪੰਜਾਬੀ ਗਾਇਕ ਹੈ। ਹੁਣ ਤੱਕ 25 ਐਲਬਮਾਂ ਉਹ ਪੰਜਾਬੀ ਸਰੋਤਿਆਂ ਦੀ ਕਚਹਿਰੀ 'ਚ ਪੇਸ਼ ਕਰ ਚੁੱਕਾ ਹੈ। ਇਨ੍ਹਾਂ ਉਪਲੱਭਦੀਆਂ ਬਦਲੇ ਹੀ ਉਸ ਨੂੰ 2008 'ਚ ਬਰਤਾਨੀਆ ਦੀ ਮਹਾਰਾਣੀ ਵੱਲੋਂ ਐਮ. ਬੀ. ਈ. ਦਾ ਖਿਤਾਬ ਮਿਲਿਆ ਅਤੇ 2011 'ਚ ਬਰਮਿੰਘਮ ਦੀ ਬਰੌਡ ਸਟਰੀਟ 'ਚ ਉਨ੍ਹਾਂ ਦੇ ਨਾਂ ਦਾ ਵਾਕ ਆਫ ਸਟਾਰ ਪੱਥਰ ਲੱਗਿਆ।
ਪੁਰਾਤਨ ਲੋਕ ਬੋਲੀਆਂ ਤੋਂ ਸ਼ੁਰੂ ਹੋਇਆ ਗੋਲਡਨ ਸਫਰ
ਮਲਕੀਤ ਦਾ ਗੋਲਡਨ ਸਫਰ ਪੁਰਾਤਨ ਲੋਕ ਬੋਲੀਆਂ ਤੋਂ ਸ਼ੁਰੂ ਹੋਇਆ ਸੀ ਅਤੇ ਹੁਣ ਵੀ ਉਨ੍ਹਾਂ ਦੀਆਂ ਨਵੇਂ ਜ਼ਮਾਨੇ ਦੀਆਂ ਨਵੀਆਂ ਬੋਲੀਆਂ ਫੇਸਬੁੱਕ, ਯੂਟਿਊਬ ਦੀਆਂ ਗੱਲਾਂ ਨਾਲ ਰਸ ਭਰੀਆਂ ਦੀ ਗੱਲ ਕਰ ਰਹੀਆਂ ਹਨ। ਦੇਸ਼ ਵਿਦੇਸ਼ ਉਹ ਕਿਹੜਾ ਵਿਆਹ ਹੈ, ਜਦੋਂ ਮਲਕੀਤ ਦਾ ਗੀਤ ਨਾ ਵੱਜਿਆ ਹੋਵੇ। ਮਾਂ ਬਾਰੇ ਗਾਇਆ ਮਲਕੀਤ ਦਾ ਹਰ ਗੀਤ ਹਿੱਟ ਹੋਇਆ, ਭਾਵੇਂ ਮਾਂ ਦੇ ਹੱਥਾਂ ਦੀਆਂ ਰੋਟੀਆਂ ਦੀ ਗੱਲ ਹੋਵੇ ਭਾਵੇਂ ਮਾਵਾਂ ਠੰਡੀਆਂ ਛਾਵਾਂ ਹੋਵੇ। ਸ਼ਾਲਾ ਇਹ ਗਾਇਕ ਪੰਜਾਬੀ ਸੱਭਿਆਚਾਰ ਦਾ ਸਾਊ ਪੁੱਤ ਬਣ ਕੇ ਜੁੱਗ-ਜੁੱਗ ਜੀਵੇ ਅਤੇ ਸਾਫ-ਸੁਥਰੀ ਗਾਇਕੀ ਪੰਜਾਬੀਆਂ ਦੀ ਝੋਲੀ ਪਾਉਂਦਾ ਰਹੇ।