ਜਲੰਧਰ— ਪੰਜਾਬ ਤੋਂ ਮੁੰਬਈ ਗਏ ਅਤੇ ਫਿਰ ਮੁੰਬਈ ਤੋਂ ਪੰਜਾਬ ਆਏ ਨਿਰਦੇਸ਼ਕ ਮਨਦੀਪ ਸਿੰਘ ਫ਼ਿਲਮ ਜਗਤ 'ਚ ਆਪਣੀ ਪਛਾਣ ਸਥਾਪਤ ਕਰਦੇ ਜਾ ਰਹੇ ਹਨ। ਪੰਜਾਬੀ ਫ਼ਿਲਮ 'ਜਸਟ ਯੂ ਐਂਡ ਮੀ' ਜ਼ਰੀਏ ਆਪਣੇ ਨਿਰਦੇਸ਼ਨ ਕਲਾ ਦਾ ਨਮੂਨਾ ਪੇਸ਼ ਕਰਨ ਵਾਲੇ ਮਨਦੀਪ ਸਿੰਘ ਅੱਜ-ਕੱਲ ਆਪਣੀ ਫ਼ਿਲਮ 'ਅਰਜਣ' ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਦੀ ਇਹ ਫ਼ਿਲਮ 5 ਮਈ ਨੂੰ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਨੂੰ ਇਸ ਫ਼ਿਲਮ ਤੋਂ ਕਈ ਆਸਾਂ ਹਨ। ਆਪਣੀ ਇਸ ਫ਼ਿਲਮ ਸਬੰਧੀ ਗੱਲ ਕਰਦਆਿਂ ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਕਈ ਪੱਖਾਂ ਤੋਂ ਹੋਰਾਂ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਹੈ। ਪਿਆਰ, ਐਕਸ਼ਨ ਅਤੇ ਡਰਾਮੇ ਦਾ ਸੁਮੇਲ ਇਸ ਫ਼ਿਲਮ 'ਚ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਮੁੱਖ ਭੂਮਿਕਾ ਨਿਭਾਈ ਹੈ। 'ਰੀਅਲ ਬਰਡਸ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣੀ ਨਿਰਮਾਤਾ ਜਗਦੀਸ਼ ਚੋਪੜਾ ਤੇ ਪੁਨੀਤ ਚੋਪੜਾ ਦੀ ਇਸ ਫ਼ਿਲਮ 'ਚ ਬਾਸਕਾਟਬਾਲ ਦੀ ਕੌਮੀ ਖਿਡਾਰਣ ਤੇ ਭਾਰਤੀ ਬਾਸਕਾਟਬਾਲ ਟੀਮ ਦੀ ਕਪਤਾਲ ਪ੍ਰਾਚੀ ਤਹਿਲਨ ਬਤੌਰ ਹੀਰੋਇਨ ਨਜ਼ਰ ਆਵੇਗੀ। ਫ਼ਿਲਮ 'ਚ ਸ਼ਵਿੰਦਰ ਮਾਹਲ, ਹੌਬੀ ਧਾਲੀਵਾਲ, ਬੀਐਨ ਸ਼ਰਮਾ, ਬਨਿੰਦਰ ਬਨੀ, ਨਿਰਮਲ ਰਿਸ਼ੀ, ਦੀਪ ਮਨਦੀਪ ਤੇ ਜਰਨੈਲ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਮਨਦੀਪ ਨੇ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਉਸ ਨੇ ਖੁਦ ਲਿਖੀ ਹੈ। ਇਹ ਫ਼ਿਲਮ ਪੰਜਾਬ ਦੇ ਇਕ ਸਿੱਧੇ ਸਾਦੇ ਨੌਜਵਾਨ ਅਤੇ ਵਿਦੇਸ਼ 'ਚ ਪੜੀ ਲਿਖੀ ਤੇ ਵੱਡੀ ਹੋਈ ਕੁੜੀ ਦੀ ਕਹਾਣੀ ਹੈ। ਫ਼ਿਲਮ 'ਚ ਰੁਮਾਂਸ ਵੀ ਹੈ ਤੇ ਕਾਮੇਡੀ ਵੀ। ਇਹ ਫ਼ਿਲਮ ਨਿਰੋਲ ਰੂਪ 'ਚ ਪਰਿਵਾਰਕ ਡਰਾਮਾ ਫ਼ਿਲਮ ਹੈ।
ਮਨਦੀਪ ਸਿੰਘ ਨੇ ਦੱਸਿਆ ਉਸ ਨੇ ਇਸ ਫ਼ਿਲਮ ਲਈ ਬੇਹੱਦ ਮਿਹਨਤ ਕੀਤੀ ਹੈ। ਉਸ ਦੀ ਮਿਹਨਤ ਹਰ ਹਾਲ 'ਚ ਰੰਗ ਲਿਆਏਗੀ। ਆਪਣੇ ਕਰੀਅਰ ਸਬੰਧੀ ਉਹਨਾਂ ਦੱਸਿਆ ਕਿ ਉਹ ਪਟਿਆਲਾ ਦੇ ਰਾਜਪੁਰਾ ਦਾ ਵਸਨੀਕ ਹਨ। ਉਨਾਂ ਆਪਣੇ ਕੈਰੀਅਰ ਦੀ ਸ਼ੁਰੂਆਤ 15 ਸਾਲ ਪਹਿਲਾਂ ਬਤੌਰ ਸਹਾਇਕ ਡਾਇਰੈਕਟਰ ਕੀਤੀ ਸੀ। ਬਤੌਰ ਡਾਇਰੈਕਟਰ ਉਹਨਾਂ ਹਿੰਦੀ ਫ਼ਿਲਮ 'ਚੋਰੋਂ ਕੀ ਬਾਰਾਤ' ਬਣਾਈ ਹੈ। ਇਸ 'ਚ ਆਰੀਆ ਬੱਬਰ, ਅਭਿਨੇਤਰੀ ਸਯਾਲੀ ਭਗਤ, ਓਮਪੁਰੀ, ਰਾਜਪਾਲ ਯਾਦਵ, ਸੰਜੇ ਮਿਸ਼ਰਾ, ਸ਼ਕਤੀ ਕਪੂਰ ਤੇ ਕੁਲਭੂਸ਼ਣ ਖਰਬੰਦਾ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਕਿਸੇ ਕਾਰਨ ਅਜੇ ਰਿਲੀਜ਼ ਨਹੀਂ ਹੋ ਸਕੀ ਹੈ। ਨਿਰਦੇਸ਼ਕ ਵਜੋਂ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ 'ਜਸਟ ਯੂ ਐਂਡ ਮੀ' ਸੀ। ਇਸ ਤੋਂ ਬਾਅਦ ਉਨ੍ਹਾਂ ਪੰਜਾਬੀ ਫ਼ਿਲਮ 'ਪੰਜਾਬੀਆ ਦਾ ਕਿੰਗ' ਬਣਾਈ ਸੀ। ਉਹ ਛੇਤੀ ਹੀ ਇਕ ਹੋਰ ਪੰਜਾਬੀ ਫ਼ਿਲਮ ਸ਼ੁਰੂ ਕਰਨ ਜਾ ਰਹੇ ਹਨ।