FacebookTwitterg+Mail

ਅਦਾਕਾਰ ਮੰਗਲ ਢਿੱਲੋਂ ਦਾ ਦਾਅਵਾ, ਰੱਬ ਨਾਲ ਹੁੰਦੀਆਂ ਨੇ ਮੇਰੀਆਂ ਗੱਲਾਂ

mangal dhillon
15 December, 2018 10:00:20 AM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਫਿਲਮੀ ਅਦਾਕਾਰ ਤੇ ਸਿੱਖ ਧਰਮ ਨਾਲ ਸਬੰਧਿਤ ਇਤਿਹਾਸਕ ਤੇ ਧਾਰਮਿਕ ਫਿਲਮ ਨਿਰਮਾਤਾ ਮੰਗਲ ਢਿੱਲੋਂ ਨੇ ਅੱਜ ਦਾਅਵਾ ਕੀਤਾ ਕਿ ਉਸ ਦੀਆਂ ਰੱਬ ਨਾਲ ਗੱਲਾਂ ਹੁੰਦੀਆਂ ਹਨ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲ ਕੇ ਉਹ ਧਾਰਮਿਕ ਤੇ ਇਤਿਹਾਸਕ ਫਿਲਮਾਂ ਬਣਾ ਰਿਹਾ ਹੈ ਇਹ ਸਭ ਕੁਝ ਪ੍ਰਮਾਤਮਾ ਹੀ ਉਸ ਤੋਂ ਕਰਵਾ ਰਿਹਾ ਹੈ। ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਣ ਆਏ ਅਦਾਕਾਰ ਮੰਗਲ ਢਿੱਲੋਂ ਨੇ ਪੱਤਰਕਾਰਾਂ ਨਾਲ ਖੁੱਲ੍ਹ ਕੇ ਵਿਚਾਰਾਂ ਕਰਦੇ ਕਿਹਾ ਕਿ ਉਸ ਨਾਲ ਪਿਛਲੇ ਸਮਿਆਂ ਦੌਰਾਨ ਕਾਫੀ ਕੌਤਕ ਵਾਪਰੇ ਅਤੇ ਜਦੋਂ ਵੀ ਕੋਈ ਵੀ ਸਿੱਖ ਧਰਮ ਨਾਲ ਸਬੰਧਿਤ ਧਾਰਮਿਕ ਤੇ ਇਤਿਹਾਸਕ ਫਿਲਮਾਂ ਬਣਾਉਣ ਸਮੇਂ ਕੋਈ ਮੁਸ਼ਕਿਲਾਂ ਆਈਆਂ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਰਾਹ ਦਿਖਾਏ ਅਤੇ ਉਸ ਵੇਲੇ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਜਿਸ ਤਰ੍ਹਾਂ ਉਹ ਮੇਰੇ ਅੰਗ ਸੰਗ ਰਹਿ ਕੇ ਮੈਨੂੰ ਮਾਰਗ ਦਿਖਾ ਰਹੇ ਹਨ। ਅਦਾਕਾਰ ਮੰਗਲ ਢਿੱਲੋਂ ਨੇ ਕਿਹਾ ਕਿ ਉਹ ਆਪਣੇ ਜੀਵਨ ਵਿਚ ਪ੍ਰਮਾਤਮਾ ਵਲੋਂ ਦਿਖਾਏ ਕੌਤਕ ਸਬੰਧੀ 'ਰੱਬ ਨਾਲ ਹੁੰਦੀਆਂ ਨੇ ਮੇਰੀਆਂ ਗੱਲਾਂ' ਦੀ ਇਕ ਡਾਕੂਮੈਂਟਰੀ ਫਿਲਮ ਵੀ ਬਣਾ ਰਿਹਾ ਹੈ, ਜੋ ਕਿ ਤਿੰਨ ਭਾਸ਼ਾਵਾਂ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਵਿਚ ਬਣੇਗੀ, ਜਿਸ ਵਿਚ ਉਹ ਸੰਗਤ ਨੂੰ ਦੱਸੇਗਾ ਕਿ ਗੁਰੂਆਂ ਦੀ ਬਾਣੀ ਹਰੇਕ ਮਨੁੱਖ ਨੂੰ ਸੇਧ ਦਿੰਦੀ ਹੈ।

ਉਨ੍ਹਾਂ ਦੱਸਿਆ ਕਿ ਸਿੱਖ ਧਰਮ ਨਾਲ ਸਬੰਧਿਤ ਉਨ੍ਹਾਂ ਵਲੋਂ ਹੁਣ ਤੱਕ ਕਰੀਬ 8 ਫਿਲਮਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਪਹਿਲੀ ਫਿਲਮ ਉਨ੍ਹਾਂ ਨੇ ਖਾਲਸਾ ਬਣਾਈ ਸੀ। ਉਨ੍ਹਾਂ ਕਿਹਾ ਕਿ ਉਹ ਮੁੰਬਈ ਵਿਚ ਰਹਿ ਕੇ ਫਿਲਮਾਂ ਵਿਚ ਕੰਮ ਕਰਕੇ ਚੰਗੇ ਪੈਸੇ ਕਮਾ ਸਕਦੇ ਹਨ, ਐਸ਼ ਦੀ ਜ਼ਿੰਦਗੀ ਬਤੀਤ ਕਰ ਸਕਦੇ ਹਨ ਪਰ ਗੁਰੂ ਸਾਹਿਬ ਦੀ ਮਿਹਰ ਸਦਕਾ ਉਨ੍ਹਾਂ ਦਾ ਮੁੱਖ ਉਦੇਸ਼ ਸਿੱਖ ਧਰਮ ਨਾਲ ਸਬੰਧਿਤ ਫਿਲਮਾਂ ਬਣਾ ਕੌਮ ਦਾ ਪ੍ਰਚਾਰ ਕਰਨਾ ਹੈ ਕਿਉਂਕਿ ਐਨੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਕਿਸੇ ਕੌਮ ਵਿਚ ਨਹੀਂ ਹੋਈਆਂ। ਸਿੱਖ ਕੌਮ ਨਾਲ ਸਬੰਧਿਤ ਸਿਆਸੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਵਲੋਂ ਦਿਖਾਏ ਨਾਂਪੱਖੀ ਰਵੱਈਏ ਤੋਂ ਨਰਾਸ਼ ਮੰਗਲ ਢਿੱਲੋਂ ਨੇ ਕਿਹਾ ਕਿ ਉਹ ਤਾਂ ਸਿੱਖ ਧਰਮ ਤੇ ਗੁਰਬਾਣੀ ਨਾਲ ਸਬੰਧਿਤ ਫਿਲਮਾਂ ਬਣਾ ਕੇ ਪ੍ਰਚਾਰ ਕਰਨਾ ਚਾਹੁੰਦੇ ਹਨ ਪਰ ਨਾ ਲੀਡਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ ਫਿਲਮਾਂ ਰਾਹੀਂ ਧਰਮ ਦੇ ਪ੍ਰਚਾਰ ਲਈ ਗੰਭੀਰਤਾ ਦਿਖਾਈ ਪਰ ਫਿਰ ਵੀ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਦ੍ਰਿੜ ਤੇ ਆਡੋਲ ਰੱਖਿਆ ਅਤੇ ਆਪਣੀ ਜਮੀਨ ਤੇ ਕਦੇ ਫਲੈਟ ਵੇਚ ਕੇ ਧਾਰਮਿਕ ਫਿਲਮਾਂ ਬਣਾ ਰਹੇ ਹਨ ਅਤੇ ਜੇ ਕਦੇ ਥੋੜਾ ਮੁਨਾਫ਼ਾ ਹੋ ਜਾਂਦਾ ਹੈ ਤਾਂ ਉਹ ਅਗਲੀ ਧਾਰਮਿਕ ਫਿਲਮ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ।

ਮੰਗਲ ਸਿੰਘ ਢਿੱਲੋਂ ਨੇ ਕਿਹਾ ਹੁਣ ਉਨ੍ਹਾਂ ਦਾ ਮੁੱਖ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ ਜਿਸ ਸਬੰਧੀ ਉਨ੍ਹਾਂ ਵਲੋਂ ਮਾਛੀਵਾੜਾ ਨੇੜ੍ਹੇ ਸਰਹਿੰਦ ਨਹਿਰ ਕਿਨਾਰੇ ਪਿੰਡ ਨੀਲੋਂ ਵਿਖੇ ਇੱਕ ਆਸ਼ਰਮ ਬਣਾਇਆ ਜਾ ਰਿਹਾ ਹੈ ਅਤੇ ਜਲਦ ਹੀ ਉਹ ਸਿੱਖੀ ਸਰੂਪ ਵਿਚ ਸਜਣ ਜਾ ਰਹੇ ਹਨ ਜਿੱਥੇ ਉਹ ਲੋਕਾਂ ਨੂੰ ਗੁਰਬਾਣੀ ਨਾਲ ਜੋੜਨਗੇ ਕਿਉਂਕਿ ਉਹ ਦਾਅਵਾ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨਾਲ ਮਨੁੱਖ ਦੇ ਹਰੇਕ ਕਸ਼ਟ ਅਤੇ ਵੱਡੀਆਂ-ਵੱਡੀਆਂ ਬਿਮਾਰੀਆਂ ਵੀ ਦੂਰ ਹੋ ਸਕਦੀਆਂ ਹਨ। 14 ਸੀ. ਐਚ. ਡੀ. ਮਾਛੀਵਾੜਾ 01: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਦਾਕਾਰ ਮੰਗਲ ਸਿੰਘ ਢਿੱਲੋਂ।

ਸਿੱਖ ਕੌਮ ਦੇ ਨਾਮ ਕੁੱਝ ਸੰਧਰਾਂ ਦੇ ਚੰਦ ਹੌਂਕੇ
ਅਦਾਕਾਰ ਮੰਗਲ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਸਿੱਖ ਧਰਮ ਨਾਲ ਸਬੰਧਿਤ ਧਾਰਮਿਕ ਫਿਲਮਾਂ ਦੇ ਨਿਰਮਾਣ ਦੌਰਾਨ ਸਿਆਸੀ ਆਗੂਆਂ ਤੇ ਸ਼੍ਰੋਮਣੀ ਕਮੇਟੀਆਂ ਨੇ ਉਹ ਸਹਿਯੋਗ ਨਾ ਦਿੱਤਾ ਜਿਸ ਦੀ ਉਮੀਦ ਕਰਦੇ ਸਨ। ਇਸ ਸਬੰਧੀ ਉਹ ਇੱਕ ਕਿਤਾਬ 'ਸਿੱਖ ਕੌਮ ਦੇ ਨਾਮ ਕੁੱਝ ਸਧਰਾਂ ਤੇ ਚੰਦ ਹੌਂਕੇ' ਲਿਖਣ ਜਾ ਰਹੇ ਹਨ ਜਿਸ ਵਿਚ ਉਹ 1995 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਜੋ ਫਿਲਮਾਂ ਬਣਾਈਆਂ ਅਤੇ ਉਨ੍ਹਾਂ ਨੂੰ ਜੋ ਮੁਸ਼ਕਿਲਾਂ ਆਈਆਂ ਉਸਦੀ ਵਿਆਖਿਆ ਕਰਨਗੇ।

ਸ਼ਹਾਦਤ ਫਿਲਮ ਦਾ ਨਿਰਮਾਣ ਜਲਦ ਸ਼ੁਰੂ ਕਰਾਂਗੇ
ਅਦਾਕਾਰ ਮੰਗਲ ਸਿੰਘ ਢਿੱਲੋਂ ਵਲੋਂ ਅਗਲਾ ਨਵਾਂ ਪ੍ਰੋਜੈਕਟ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਫਰਵਰੀ-2019 ਵਿਚ ਸ਼ਹਾਦਤ ਫਿਲਮ ਸ਼ੁਰੂ ਕਰਨ ਜਾ ਰਹੇ ਹਨ ਜਿਸ ਵਿਚ ਗੰਦੀ ਸਿਆਸਤ, ਹਿੰਦੂ ਸਿੱਖ ਏਕਤਾ, ਦਰਬਾਰ ਸਾਹਿਬ 'ਤੇ ਹਮਲਾ, 84 ਦੇ ਦੰਗੇ, ਭ੍ਰਿਸ਼ਟਾਚਾਰ ਅਤੇ ਐਨ.ਆਰ.ਆਈ ਦੀਆਂ ਸਮੱਸਿਆਵਾਂ ਹੋਣਗੀਆਂ। ਇਸ ਤੋਂ ਇਲਾਵਾ ਕਈ ਨਵੇਂ ਧਾਰਮਿਕ ਪ੍ਰੋਜੈਕਟ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਵਿਚ 'ਸਾਕਾ ਸਰਹਿੰਦ', 'ਸਿੱਖ ਮਹਾਨ ਹੈ' ਅਤੇ ਹੋਰ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਬਾਰੇ ਫਿਲਮਾਂ ਬਣਾਵਾਂਗਾ।


Tags: Mangal Dhillon PantherVishwatma Khoon Bhari Maang Train to Pakistan

Edited By

Sunita

Sunita is News Editor at Jagbani.