ਜਲੰਧਰ— ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਮੰਜੇ ਬਿਸਤਰੇ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਨੇ ਪਹਿਲੇ ਦਿਨ ਭਾਰਤ 'ਚ 2.25 ਕਰੋੜ ਤੇ ਵਿਦੇਸ਼ਾਂ 'ਚ 2.86 ਕਰੋੜ ਦੀ ਰਿਕਾਰਡਤੋੜ ਕਮਾਈ ਕੀਤੀ ਹੈ, ਜਿਸ ਨਾਲ ਪਹਿਲੇ ਦਿਨ ਫਿਲਮ ਦੀ ਕੁਲ ਕਮਾਈ 5.11 ਕਰੋੜ ਬਣਦੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਦਿਲਜੀਤ ਦੁਸਾਂਝ ਦੀ ਫਿਲਮ 'ਸਰਦਾਰਜੀ' ਦੇ ਨਾਂ ਸੀ, ਜਿਸ ਨੇ ਪਹਿਲੇ ਦਿਨ 2.06 ਕਰੋੜ ਦੀ ਕਮਾਈ ਕੀਤੀ ਸੀ।
ਭਾਰਤ 'ਚ ਦੂਜੇ ਦਿਨ ਫਿਲਮ 2.18 ਕਰੋੜ ਕਮਾਉਣ 'ਚ ਸਫਲ ਰਹੀ ਹੈ। ਵਿਦੇਸ਼ਾਂ 'ਚ ਦੂਜੇ ਦਿਨ ਦੀ ਕਮਾਈ ਦਾ ਬਿਓਰਾ ਆਉਣਾ ਅਜੇ ਬਾਕੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਪਹਿਲੇ ਦਿਨ ਨਾਲੋਂ ਵੱਧ ਫਿਲਮ ਨੇ ਵਿਦੇਸ਼ਾਂ 'ਚ ਕਮਾਈ ਕੀਤੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 'ਮੰਜੇ ਬਿਸਤਰੇ' ਦੋ ਦਿਨਾਂ 'ਚ 10 ਕਰੋੜ ਤੋਂ ਵੱਧ ਦੀ ਕਮਾਈ ਕਰਨ 'ਚ ਸਫਲ ਰਹੀ ਹੈ।
'ਮੰਜੇ ਬਿਸਤਰੇ' ਫਿਲਮ 'ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਗਿੱਪੀ ਨੇ ਹੀ ਲਿਖੀ ਹੈ, ਜਿਸ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ। ਫਿਲਮ ਦਰਸ਼ਕਾਂ ਤੋਂ ਇਲਾਵਾ ਫਿਲਮ ਸਮੀਖਿਅਕਾਂ ਵਲੋਂ ਵੀ ਪਸੰਦ ਕੀਤੀ ਜਾ ਰਹੀ ਹੈ।