ਜਲੰਧਰ— ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਓਪਨਿੰਗ ਫਿਲਮ ਬਣ ਚੁੱਕੀ 'ਮੰਜੇ ਬਿਸਤਰੇ' ਦੀ ਰਿਕਾਰਡਤੋੜ ਕਮਾਈ ਦਾ ਸਿਲਸਿਲਾ ਜਾਰੀ ਹੈ। 'ਮੰਜੇ ਬਿਸਤਰੇ' ਲਈ ਸ਼ੁਰੂਆਤੀ ਵਿਕੈਂਡ ਬਹੁਤ ਹੀ ਸ਼ਾਨਦਾਰ ਰਿਹਾ ਹੈ। ਫਿਲਮ ਨੇ ਜਿਥੇ ਪਹਿਲੇ ਦਿਨ ਭਾਰਤ 'ਚ 2.25 ਤੇ ਦੂਜੇ ਦਿਨ 2.18 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਤੀਜੇ ਦਿਨ ਭਾਵ ਐਤਵਾਰ ਨੂੰ ਫਿਲਮ ਨੇ ਜ਼ਬਰਦਸਤ 2.59 ਕਰੋੜ ਰੁਪਏ ਦੀ ਕਮਾਈ ਕੀਤੀ।
ਇਸ ਦੇ ਨਾਲ ਭਾਰਤ 'ਚ 'ਮੰਜੇ ਬਿਸਤਰੇ' ਪਹਿਲੇ ਤਿੰਨ ਦਿਨਾਂ 'ਚ ਕੁਲ 7.02 ਕਰੋੜ ਰੁਪਏ ਕਮਾਉਣ 'ਚ ਸਫਲ ਰਹੀ ਹੈ। ਅੰਤਰਰਾਸ਼ਟਰੀ ਕਮਾਈ ਵੱਲ ਨਜ਼ਰ ਮਾਰੀ ਜਾਵੇ ਤਾਂ ਫਿਲਮ ਨੇ ਪਹਿਲੇ ਦਿਨ 2.86 ਕਰੋੜ ਰੁਪਏ ਦੀ ਕਮਾਈ ਕੀਤੀ। ਦੂਜੇ ਤੇ ਤੀਜੇ ਦਿਨ ਦੀ ਅੰਤਰਰਾਸ਼ਟਰੀ ਕਮਾਈ ਦਾ ਬਿਓਰਾ ਸਪੱਸ਼ਟ ਨਹੀਂ ਹੈ ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਫਿਲਮ ਸ਼ਨੀਵਾਰ ਤੇ ਐਤਵਾਰ ਨੂੰ ਵਿਦੇਸ਼ਾਂ 'ਚ 5 ਕਰੋੜ ਤੋਂ ਵੱਧ ਕਮਾਈ ਕਰਨ 'ਚ ਕਾਮਯਾਬ ਰਹੀ ਹੈ।
ਤਿੰਨ ਦਿਨਾਂ ਦੀ ਵਰਲਡਵਾਈਡ ਕਮਾਈ ਲਗਭਗ 15 ਕਰੋੜ ਰੁਪਏ ਬਣਦੀ ਹੈ, ਜਿਹੜੀ ਪੰਜਾਬੀ ਸਿਨੇਮਾ 'ਚ ਨਵਾਂ ਰਿਕਾਰਡ ਕਾਇਮ ਕਰਦੀ ਹੈ। ਕਿਸੇ ਵੀ ਪੰਜਾਬੀ ਫਿਲਮ ਨੇ ਸ਼ੁਰੂਆਤੀ ਤਿੰਨ ਦਿਨਾਂ 'ਚ ਇੰਨੀ ਕਮਾਈ ਨਹੀਂ ਕੀਤੀ ਸੀ। 'ਮੰਜੇ ਬਿਸਤਰੇ' ਫਿਲਮ ਦਰਸ਼ਕਾਂ ਤੇ ਫਿਲਮ ਸਮੀਖਿਅਕਾਂ ਵਲੋਂ ਵੀ ਕਾਫੀ ਪਸੰਦ ਕੀਤੀ ਜਾ ਰਹੀ ਹੈ। 90 ਦੇ ਦਹਾਕੇ ਦੇ ਵਿਆਹ ਦੇ ਆਲੇ-ਦੁਆਲੇ ਬਣਾਈ ਗਈ ਫਿਲਮ 'ਮੰਜੇ ਬਿਸਤਰੇ' ਨਾਲ ਹਰ ਆਮ ਤੇ ਖਾਸ ਇਨਸਾਨ ਜੁੜਿਆ ਮਹਿਸੂਸ ਕਰ ਰਿਹਾ ਹੈ।